-ਕਰੋੜਾਂ ਰੁਪਏ ਡੁੱਬਣ ਤੋਂ ਬਾਅਦ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼; ਅਮਰ ਸਿੰਘ ਚਾਹਲ ਦੀ ਹਾਲਤ ‘ਚ ਸੁਧਾਰ
ਪਟਿਆਲਾ, 24 ਦਸੰਬਰ (ਪੰਜਾਬ ਮੇਲ)- ਮੁਨਾਫ਼ਾ ਕਮਾਉਣ ਦੇ ਮਨੋਰਥ ਨਾਲ ਸ਼ੇਅਰ ਮਾਰਕੀਟ ‘ਚ ਲਾਏ ਕਰੋੜਾਂ ਰੁਪਏ ਡੁੱਬਣ ਤੋਂ ਪ੍ਰੇਸ਼ਾਨ ਹੋ ਕੇ ਪੰਜਾਬ ਪੁਲਿਸ ਦੇ ਸੇਵਾਮੁਕਤ ਆਈ.ਜੀ. ਅਮਰ ਸਿੰਘ ਚਾਹਲ (67) ਨੇ ਇੱਥੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਦਿਲ ਦੇ ਕੋਲੋਂ ਗੋਲੀ ਲੰਘਣ ਕਾਰਨ ਭਾਵੇਂ ਉਹ ਬਚ ਗਏ ਸਨ ਪਰ ਉਨ੍ਹਾਂ ਦੀ ਹਾਲਤ ਗੰਭੀਰ ਸੀ ਪਰ ਹੁਣ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਇਸ ਮਾਮਲੇ ‘ਚ ਖੁਦਕੁਸ਼ੀ ਨੋਟ ਮਿਲਣ ਤੋਂ ਬਾਅਦ ਪਟਿਆਲਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪਟਿਆਲਾ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ ਅਤੇ ਇਸ ਵਿਚ ਸ਼ਾਮਲ ਹਰ ਵਿਅਕਤੀ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਯਕੀਨੀ ਬਣਾਏਗੀ ਕਿ ਠੱਗੀ ਮਾਰਨ ਵਾਲਿਆਂ ਨੂੰ ਕਟਹਿਰੇ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ, ‘ਅਸੀਂ ਇਹ ਯਕੀਨੀ ਬਣਾਵਾਂਗੇ ਕਿ ਧੋਖਾਧੜੀ ਨਾਲ ਜੁੜੇ ਸਾਰੇ ਲੋਕਾਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।’ ਸ਼੍ਰੀ ਚਾਹਲ ਇਸ ਵੇਲੇ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ-ਇਲਾਜ ਹਨ। ਦੱਸ ਦੇਈਏ ਕਿ ਆਪਣੇ ਆਪ ਨੂੰ ਇੱਕ ਵੱਡੀ ਫਰਮ ਦੇ ਸੀ.ਈ.ਓ. ਅਤੇ ਹੋਰ ਨੁਮਾਇੰਦੇ ਦੱਸ ਕੇ ਇੱਕ ਠੱਗ ਗਰੋਹ ਨੇ ਸਾਬਕਾ ਆਈ.ਜੀ. ਨੂੰ ਉਨ੍ਹਾਂ ਦੀ ਫਰਮ ‘ਚ ਪੈਸਾ ਲਾਉਣ ‘ਤੇ ਵੱਡੇ ਮੁਨਾਫੇ ਦਾ ਲਾਲਚ ਦੇ ਕੇ ਭਰਮਾਉਂਦਿਆਂ ਉਨ੍ਹਾਂ ਤੋਂ ਕਈ ਕਰੋੜ ਰੁਪਏ ਲਵਾ ਲਏ ਸਨ ਪਰ ਇੱਕ ਵੱਡਾ ਪੁਲਿਸ ਅਧਿਕਾਰੀ ਹੁੰਦਿਆਂ ਹੀ ਸ਼੍ਰੀ ਚਾਹਲ ਇਸ ਚੱਕਰਵਿਊ ‘ਚ ਇਸ ਕਦਰ ਫਸ ਗਏ ਕਿ ਇਸੇ ਮਹੀਨੇ ਜਦੋਂ-ਜਦੋਂ ਉਨ੍ਹਾਂ ਨੇ ਪੰਜ ਕਰੋੜ ਰੁਪਏ ਵਾਪਸ ਲੈਣ ਲਈ ਅਰਜ਼ੀ ਦਿੱਤੀ, ਤਾਂ ਨੌਸਰਬਾਜ਼ਾਂ ਦੇ ਇਸ ਗਰੋਹ ਨੇ ਉਨ੍ਹਾਂ ਨੂੰ ਇਹ ਕਹਿ ਕੇ ਦੋ ਕਰੋੜ ਰੁਪਏ ਹੋਰ ਜਮ੍ਹਾ ਕਰਵਾ ਲਏ ਕਿ ਜੇਕਰ ਉਨ੍ਹਾਂ ਨੇ ਅਗਾਊਂ ਰਕਮ ਕਢਵਾਉਣੀ ਹੈ, ਤਾਂ ਉਨ੍ਹਾਂ ਨੂੰ ਇੱਕ ਵਾਰ ਦੋ ਕਰੋੜ ਰੁਪਏ ਹੋਰ ਜਮ੍ਹਾ ਕਰਵਾਉਣੇ ਪੈਣਗੇ। ਇਸ ਤੋਂ ਇਲਾਵਾ 20 ਲੱਖ ਹੋਰ ਮੈਂਬਰਸ਼ਿਪ ਵਜੋਂ ਵੀ ਜਮ੍ਹਾ ਕਰਵਾਇਆ ਗਿਆ। ਇਥੋਂ ਤੱਕ ਕਿ ਅਗਾਊਂ ਪੈਸੇ ਕਢਵਾਉਣ ਲਈ 10 ਲੱਖ ਰੁਪਏ ਹੋਰ ਇਸ ਫਰਮ ਦੇ ਅਧਿਕਾਰੀਆਂ ਨੂੰ ਕਥਿਤ ਰਿਸ਼ਵਤ ਦੇਣ ਲਈ ਵੀ ਲੈ ਲਏ ਗਏ ਸਨ।
ਜ਼ਿਕਰਯੋਗ ਹੈ ਕਿ 2019 ਵਿਚ ਸੇਵਾਮੁਕਤ ਹੋਏ ਅਮਰ ਸਿੰਘ ਚਾਹਲ ਇੱਥੇ ਅਰਬਨ ਅਸਟੇਟ ਇਲਾਕੇ ‘ਚ ਪਰਿਵਾਰ ਸਣੇ ਰਹਿੰਦੇ ਹਨ। ਉਨ੍ਹਾਂ ਬੀਤੇ ਦਿਨੀਂ ਦੁਪਹਿਰੇ ਕਰੀਬ ਡੇਢ ਵਜੇ ਘਰ ਦੇ ਵਿਹੜੇ ‘ਚ ਆ ਕੇ ਆਪਣੇ ਸੁਰੱਖਿਆ ਮੁਲਾਜ਼ਮ ਦੀ ਰਾਈਫਲ ਨਾਲ ਛਾਤੀ ‘ਚ ਗੋਲੀ ਮਾਰ ਲਈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦਾ ਪਤਾ ਨਾ ਲੱਗਿਆ। ਸ਼੍ਰੀ ਚਾਹਲ ਦੇ ਇੱਕ ਦੋਸਤ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਕਿਉਂਕਿ ਗੋਲੀ ਮਾਰਨ ਤੋਂ ਪਹਿਲਾਂ ਉਨ੍ਹਾਂ ਉਸ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਸੀ। ਥਾਣਾ ਅਰਬਨ ਅਸਟੇਟ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਟੀਮ ਸਣੇ ਉਨ੍ਹਾਂ ਦੇ ਘਰ ਪਹੁੰਚੇ ਤਾਂ ਸ਼੍ਰੀ ਚਾਹਲ ਜ਼ਖ਼ਮੀ ਹਾਲਤ ‘ਚ ਤੜਫ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਪਾਰਕ ਹਸਪਤਾਲ ‘ਚ ਦਾਖ਼ਲ ਕਰਵਾਇਆ।
ਸ਼੍ਰੀ ਚਾਹਲ ਨੇ ਖ਼ੁਦਕੁਸ਼ੀ ਪੱਤਰ ‘ਚ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ 8.10 ਕਰੋੜ ਦੀ ਠੱਗੀ ਵੱਜਣ ਕਾਰਨ ਖ਼ੁਦ ਨੂੰ ਗੋਲ਼ੀ ਮਾਰੀ ਹੈ। ਇਸ ਵਿਚੋਂ ਕਰੀਬ ਸੱਤ ਕਰੋੜ ਰੁਪਏ ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ਼ੋਂ ਫੜ ਕੇ ਲਾਏ ਸਨ ਤੇ ਬਾਕੀ ਰਕਮ ਉਸ ਦੀ ਆਪਣੀ ਸੀ। ਇਸ ਪੱਤਰ ‘ਚ ਉਨ੍ਹਾਂ ਠੱਗੀ ਲਈ ਜ਼ਿੰਮੇਵਾਰ ਦੋ ਜਣਿਆਂ ਸਣੇ ਸਬੰਧਤ ਕੰਪਨੀ ਦਾ ਨਾਮ ਵੀ ਲਿਖਿਆ ਹੈ।
ਇਸੇ ਪੱਤਰ ‘ਚ ਉਨ੍ਹਾਂ ਡੀ.ਜੀ.ਪੀ. ਗੌਰਵ ਯਾਦਵ ਨੂੰ ਇਸ ਮਾਮਲੇ ‘ਚ ਮਾਹਿਰ ਪੁਲਿਸ ਅਫ਼ਸਰਾਂ ਦੀ ਸਿਟ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸੁਝਾਅ ਵਜੋਂ ਲਿਖਿਆ ਹੈ ਕਿ ਜੇ ਲੋੜ ਸਮਝਣ ਤਾਂ ਇਸ ਸਬੰਧੀ ਸੀ.ਬੀ.ਆਈ. ਤੋਂ ਵੀ ਜਾਂਚ ਕਰਵਾਈ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਵਿਅਕਤੀਆਂ ਨੇ ਕਈਆਂ ਨਾਲ ਠੱਗੀ ਮਾਰੀ ਹੈ। ਉਨ੍ਹਾਂ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ।
ਸਾਬਕਾ ਆਈ.ਪੀ.ਐੱਸ. ਅਧਿਕਾਰੀ ਖੁਦਕੁਸ਼ੀ ਨੋਟ ਮਾਮਲੇ ‘ਚ ਪਟਿਆਲਾ ਪੁਲਿਸ ਵੱਲੋਂ ਕੇਸ ਦਰਜ

