ਪਣਜੀ, 22 ਦਸੰਬਰ (ਪੰਜਾਬ ਮੇਲ)- ਗੋਆ ਦੀ ਅਦਾਲਤ ਨੇ ਸੋਮਵਾਰ ਨੂੰ ‘ਬਿਰਚ ਬਾਈ ਰੋਮੀਓ ਲੇਨ’ ਨਾਈਟ ਕਲੱਬ ਦੇ ਮਾਲਕਾਂ, ਸੌਰਭ ਲੂਥਰਾ ਅਤੇ ਗੌਰਵ ਲੂਥਰਾ ਦਾ ਪੁਲਿਸ ਰਿਮਾਂਡ ਪੰਜ ਦਿਨਾਂ ਲਈ ਹੋਰ ਵਧਾ ਦਿੱਤਾ ਹੈ।
ਇਹ ਦੋਵੇਂ ਭਰਾ ਹਾਦਸੇ ਤੋਂ ਤੁਰੰਤ ਬਾਅਦ ਥਾਈਲੈਂਡ ਫ਼ਰਾਰ ਹੋ ਗਏ ਸਨ, ਜਿੱਥੋਂ ਉਨ੍ਹਾਂ ਨੂੰ 17 ਦਸੰਬਰ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਲਿਆਂਦਾ ਗਿਆ ਸੀ।
ਪੀੜਤ ਪਰਿਵਾਰਾਂ ਦੇ ਵਕੀਲ ਵਿਸ਼ਨੂੰ ਜੋਸ਼ੀ ਨੇ ਦੱਸਿਆ ਕਿ ਅਦਾਲਤ ਨੇ ਦੋਵਾਂ ਦਾ ਪੁਲੀਸ ਰਿਮਾਂਡ ਵਧਾ ਦਿੱਤਾ ਹੈ, ਜਦੋਂ ਕਿ ਕਲੱਬ ਦੇ ਇੱਕ ਹੋਰ ਮਾਲਕ ਅਜੈ ਗੁਪਤਾ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ, ਕਿਉਂਕਿ ਪੁਲਿਸ ਨੇ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਸੀ।
ਅੰਜੁਨਾ ਪੁਲਿਸ ਨੇ ਲੂਥਰਾ ਭਰਾਵਾਂ ਖ਼ਿਲਾਫ਼ ਗੈਰ-ਇਰਾਦਤਨ ਕਤਲ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਬ੍ਰਿਟਿਸ਼ ਨਾਗਰਿਕ ਸੁਰਿੰਦਰ ਕੁਮਾਰ ਖੋਸਲਾ, ਜੋ ਕਿ ਯੂ.ਕੇ. ਫ਼ਰਾਰ ਹੋ ਗਿਆ ਹੈ, ਦੇ ਖ਼ਿਲਾਫ਼ ‘ਬਲੂ ਕਾਰਨਰ ਨੋਟਿਸ’ ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 6 ਦਸੰਬਰ ਨੂੰ ਇਸ ਨਾਈਟ ਕਲੱਬ ਵਿਚ ਲੱਗੀ ਭਿਆਨਕ ਅੱਗ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ।
ਗੋਆ ਨਾਈਟ ਕਲੱਬ ਮਾਮਲਾ: ਅਦਾਲਤ ਨੇ ਲੂਥਰਾ ਭਰਾਵਾਂ ਦਾ ਪੁਲਿਸ ਰਿਮਾਂਡ 5 ਦਿਨਾਂ ਲਈ ਹੋਰ ਵਧਾਇਆ

