#INDIA

ਸੱਟੇਬਾਜ਼ੀ: ਈ.ਡੀ. ਵੱਲੋਂ ਯੁਵਰਾਜ ਸਿੰਘ, ਸੋਨੂ ਸੂਦ ਸਣੇ ਹੋਰਾਂ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 19 ਦਸੰਬਰ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਾਬਕਾ ਟੀ.ਐੱਮ.ਸੀ. ਸੰਸਦ ਮੈਂਬਰ ਮਿਮੀ ਚੱਕਰਵਰਤੀ ਅਤੇ ਅਦਾਕਾਰ ਸੋਨੂੰ ਸੂਦ ਤੋਂ ਇਲਾਵਾ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਰੌਬਿਨ ਉਥੱਪਾ ਦੀਆਂ ਜਾਇਦਾਦਾਂ ਨੂੰ ਇੱਕ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਨਾਲ ਜੁੜਨ ਅਤੇ ਮਨੀ ਲਾਂਡਰਿੰਗ ਮਾਮਲੇ ਵਿਚ ਜ਼ਬਤ ਕਰ ਲਿਆ ਹੈ। ਇਨ੍ਹਾਂ ਸਾਰੀਆਂ ਜਾਇਦਾਦਾਂ ਦੀ ਕੀਮਤ 1,000 ਕਰੋੜ ਰੁਪਏ ਤੋਂ ਵੱਧ ਹੈ।
ਸੰਘੀ ਜਾਂਚ ਏਜੰਸੀ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਆਰਜ਼ੀ ਹੁਕਮ ਜਾਰੀ ਕਰਨ ਤੋਂ ਬਾਅਦ ਮਾਡਲ ਉਰਵਸ਼ੀ ਰੌਤੇਲਾ ਦੀ ਮਾਂ, ਅਦਾਕਾਰਾ ਨੇਹਾ ਸ਼ਰਮਾ ਅਤੇ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿਚ ਸੂਦ ਦੀ ਲਗਪਗ 1 ਕਰੋੜ ਰੁਪਏ, ਚੱਕਰਵਰਤੀ ਦੀ 59 ਲੱਖ ਰੁਪਏ, ਯੁਵਰਾਜ ਸਿੰਘ ਦੀ 2.5 ਕਰੋੜ ਰੁਪਏ, ਸ਼ਰਮਾ ਦੀ 1.26 ਕਰੋੜ ਰੁਪਏ, ਉਥੱਪਾ ਦੀ 8.26 ਲੱਖ ਰੁਪਏ, ਹਾਜ਼ਰਾ ਦੀ 47 ਲੱਖ ਰੁਪਏ ਅਤੇ ਰੌਤੇਲਾ ਦੀ ਮਾਂ ਦੀ 2.02 ਕਰੋੜ ਰੁਪਏ ਦੀ ਜਾਇਦਾਦ ਸ਼ਾਮਲ ਹੈ।
ਇਨ੍ਹਾਂ ਸਾਰੀਆਂ ਮਸ਼ਹੂਰ ਹਸਤੀਆਂ ਤੋਂ ਈ.ਡੀ. ਨੇ ਪਹਿਲਾਂ ਵੀ ਪੁੱਛਗਿੱਛ ਕੀਤੀ ਸੀ ਅਤੇ ਇਨ੍ਹਾਂ ਜਾਇਦਾਦਾਂ ਨੂੰ ਕੁਰਕਾਓ ਵਿਚ ਰਜਿਸਟਰਡ 1ਐਕਸਬੈਟ ਨਾਮਕ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਦੀ ‘ਅਪਰਾਧ ਦੀ ਕਮਾਈ’ (ਪੀ.ਐੱਮ.ਐੱਲ.ਏ. ਅਧੀਨ ਗੈਰ-ਕਾਨੂੰਨੀ ਪੈਸਾ) ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਏਜੰਸੀ ਨੇ ਕੁਝ ਸਮਾਂ ਪਹਿਲਾਂ ਇਸ ਜਾਂਚ ਦੇ ਹਿੱਸੇ ਵਜੋਂ ਸਾਬਕਾ ਕ੍ਰਿਕਟਰ ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ ਦੀਆਂ 11.14 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਸਨ।