ਨਿਊਯਾਰਕ, 23 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਨਿਊਯਾਰਕ ਪੁਲਿਸ ਵਿਭਾਗ (ਐੱਨ.ਵਾਈ.ਪੀ.ਡੀ.) ਦੇ ਭਾਰਤੀ ਮੂਲ ਦੇ ਇਕ ਅਧਿਕਾਰੀ ਅਤੇ 9 ਹੋਰ ਲੋਕਾਂ ਨੂੰ ‘ਬਹਾਦਰੀ ਮੈਡਲ’ ਨਾਲ ਸਨਮਾਨਿਤ ਕੀਤਾ। ਇਹ ਬਹਾਦਰੀ ਮੈਡਲ ਜਨਤਕ ਸੁਰੱਖਿਆ ਅਧਿਕਾਰੀਆਂ ਲਈ ਦੇਸ਼ ਦਾ ਸਰਵਉੱਚ ਪੁਰਸਕਾਰ ਹੈ। ਸੁਮਿਤ ਸੁਲਾਨ (27) ਨੂੰ ਵ੍ਹਾਈਟ ਹਾਊਸ ਵਿਚ ਆਯੋਜਿਤ ਇਕ ਸਮਾਰੋਹ ‘ਚ ਸਨਮਾਨਿਤ ਕੀਤਾ ਗਿਆ ਸੀ। ਸੁਮਿਤ ਨੇ ਜਨਵਰੀ ਵਿਚ ਨਿਊਯਾਰਕ ਸ਼ਹਿਰ ‘ਚ ਇਕ ਘਰੇਲੂ-ਹਿੰਸਾ ਕਾਲ ਦੀ ਜਾਂਚ ਦੌਰਾਨ ਆਪਣੇ 2 ਸਹਿਯੋਗੀਆਂ ਦੀ ਹੱਤਿਆ ਕਰਨ ਵਾਲੇ ਇਕ ਫਰਾਰ ਅਪਰਾਧੀ ਨੂੰ ਗੋਲੀ ਮਾਰ ਦਿੱਤੀ ਸੀ।
ਪੁਲਿਸ ਮੁਤਾਬਕ 3 ਪੁਲਿਸ ਮੁਲਾਜ਼ਮ ਸੁਲਾਨ, ਜੇਸਨ ਰਿਵੇਰਾ (22) ਅਤੇ ਵਿਲਬਰਟ ਮੋਰਾ (27) ਨਿਊਯਾਰਕ ਦੇ ਹਾਰਲੇਮ ਇਲਾਕੇ ਵਿਚ 911 ਨੰਬਰ ਦੀ ਕਾਲ ਦੀ ਜਾਂਚ ਕਰਨ ਲਈ ਇਕ ਪ੍ਰੇਸ਼ਾਨ ਔਰਤ ਕੋਲ ਗਏ ਸਨ, ਜਿਸਦੇ ਵੱਡੇ ਬੇਟੇ ਨੇ ਮਹਿਲਾ ਅਤੇ ਆਪਣੇ ਭਰਾ ਨੂੰ ਧਮਕੀ ਦਿੱਤੀ ਸੀ। ਸਜ਼ਾਯਾਫਤਾ ਗੁੰਡੇ ਨੇ ਤਿੰਨੋਂ ਅਧਿਕਾਰੀਆਂ ‘ਤੇ ਨਿਸ਼ਾਨਾ ਲਗਾ ਕੇ ਹਮਲਾ ਕਰ ਦਿੱਤਾ, ਜਿਸ ਵਿਚ ਰਿਵੇਰਾ ਅਤੇ ਮੋਰਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਬਾਅਦ ਵਿਚ ਮੌਤ ਹੋ ਗਈ। ਅਮਰੀਕੀ ਰਾਸ਼ਟਰਪਤੀ ਨੇ ਨਵ-ਨਿਯੁਕਤ ਪੁਲਿਸ ਅਧਿਕਾਰੀ ਹੋਣ ਦੇ ਬਾਵਜੂਦ ਤੇਜ਼ੀ ਨਾਲ ਕਾਰਵਾਈ ਕਰਨ ਲਈ 17 ਮਈ ਨੂੰ ਆਯੋਜਿਤ ਇਕ ਸਮਾਰੋਹ ‘ਚ ਸੁਲਾਨ ਦੀ ਤਾਰੀਫ ਕੀਤੀ ਸੀ।