ਵਾਸ਼ਿੰਗਟਨ, 17 ਦਸੰਬਰ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਂਟਾਨਿਲ ਨੂੰ ‘ਸਮੂਹਿਕ ਵਿਨਾਸ਼ ਦਾ ਹਥਿਆਰ’ ਕਰਾਰ ਦੇਣ ਵਾਲੇ ਕਾਰਜਕਾਰੀ ਹੁਕਮ ‘ਤੇ ਸੋਮਵਾਰ ਨੂੰ ਦਸਤਖਤ ਕਰ ਦਿੱਤੇ ਹਨ। ਟਰੰਪ ਨੇ ਰੱਖਿਆ ਸਕੱਤਰ ਪੀਟ ਹੇਗਸੇਥ, ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਡੈਨ ਕੇਨ, ਵ੍ਹਾਈਟ ਹਾਊਸ ਬਾਰਡਰ ਅਫੇਅਰਜ਼ ਚੀਫ਼ ਟੌਮ ਹੋਮਨ ਅਤੇ ਹੋਰ ਉੱਚ ਫੌਜੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਓਵਲ ਦਫ਼ਤਰ ‘ਚ ਇਸ ਹੁਕਮ ‘ਤੇ ਦਸਤਖਤ ਕੀਤੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ‘ਅਧਿਕਾਰਤ ਤੌਰ ‘ਤੇ ਫੈਂਟਾਨਿਲ ਨੂੰ ਸਮੂਹਿਕ ਵਿਨਾਸ਼ ਦੇ ਹਥਿਆਰ ਵਜੋਂ ਸ਼੍ਰੇਣੀਬੱਧ ਕਰ ਰਿਹਾ ਹੈ, ਜੋ ਅਸਲ ਵਿਚ ਬਿਲਕੁਲ ਉਹੀ ਹੈ। ਕੋਈ ਵੀ ਬੰਬ ਉਹ ਨਹੀਂ ਕਰ ਸਕਦਾ, ਜੋ ਇਹ (ਫੈਂਟਾਨਿਲ) ਕਰ ਸਕਦਾ ਹੈ।’
‘ਸਮੂਹਿਕ ਵਿਨਾਸ਼ ਦਾ ਹਥਿਆਰ’ ਸ਼ਬਦ ਆਮ ਤੌਰ ‘ਤੇ ਪ੍ਰਮਾਣੂ, ਜੈਵਿਕ, ਰਸਾਇਣਕ ਜਾਂ ਸਾਈਬਰ ਖਤਰਿਆਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ, ਜੋ ਆਬਾਦੀ, ਬੁਨਿਆਦੀ ਢਾਂਚੇ ਜਾਂ ਵਾਤਾਵਰਣ ਨੂੰ ਮਹੱਤਵਪੂਰਨ ਅਤੇ ਸਥਾਈ ਨੁਕਸਾਨ ਪਹੁੰਚਾਉਣ ਦੇ ਸਮਰੱਥ ਹੁੰਦੇ ਹਨ।
ਟਰੰਪ ਵੱਲੋਂ ਫੈਂਟਾਨਿਲ ‘ਸਮੂਹਿਕ ਵਿਨਾਸ਼ ਦਾ ਹਥਿਆਰ’ ਕਰਾਰ

