#INDIA

ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ VB-G RAM G ਬਿੱਲ ਵਿਰੁੱਧ ਪ੍ਰਦਰਸ਼ਨ

ਨਵੀਂ ਦਿੱਲੀ, 17 ਦਸੰਬਰ (ਪੰਜਾਬ ਮੇਲ)- ਕਈ ਵਿਰੋਧੀ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੰਸਦ ਭਵਨ ਕੰਪਲੈਕਸ ਵਿਚ VB-G RAM G ਬਿੱਲ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ‘ਤੇ ਮਹਾਤਮਾ ਗਾਂਧੀ ਦਾ ‘ਨਿਰਾਦਰ’ ਕਰਨ ਦਾ ਦੋਸ਼ ਲਗਾਇਆ ਅਤੇ ਪ੍ਰਸਤਾਵਿਤ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਸਰਕਾਰ ਵੱਲੋਂ ਲੋਕ ਸਭਾ ਵਿਚ ‘ਮਗਨਰੇਗਾ’ ਦੀ ਥਾਂ ਲੈਣ ਲਈ ਬਿੱਲ ਪੇਸ਼ ਕਰਨ ਤੋਂ ਤੁਰੰਤ ਬਾਅਦ ਕਾਂਗਰਸ ਦੀ ਪ੍ਰਿਅੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਡੀ.ਐੱਮ.ਕੇ. ਦੇ ਟੀ.ਆਰ. ਬਾਲੂ, ਆਰ.ਐੱਸ.ਪੀ. ਦੇ ਐੱਨ.ਕੇ. ਪ੍ਰੇਮਚੰਦਰਨ ਸਮੇਤ ਹੋਰਾਂ ਨੇ ਕੰਪਲੈਕਸ ਵਿਚ ਮਹਾਤਮਾ ਗਾਂਧੀ ਦੇ ਬੁੱਤ ਕੋਲ ਪ੍ਰਦਰਸ਼ਨ ਕੀਤਾ ਅਤੇ ”ਗਾਂਧੀ ਜੀ ਕਾ ਯੇ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ” ਦੇ ਨਾਅਰੇ ਲਗਾਏ।
ਪ੍ਰਿਅੰਕਾ ਗਾਂਧੀ ਵਾਡਰਾ ਨੇ ਸਰਕਾਰ ‘ਤੇ ਪਿਛਲੀ ਯੂ.ਪੀ.ਏ. ਸਰਕਾਰ ਦੁਆਰਾ ਲਾਗੂ ਕੀਤੇ ਗਏ ਗ੍ਰਾਮੀਣ ਰੁਜ਼ਗਾਰ ਗਾਰੰਟੀ ਕਾਨੂੰਨ — ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ (MGNREGA), 2005 — ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਵਿਰੋਧੀ ਸੰਸਦ ਮੈਂਬਰ ਹੱਥਾਂ ਵਿਚ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਲੈ ਕੇ ਸੰਸਦ ਦੇ ਮਕਰ ਦੁਆਰ ਦੀਆਂ ਪੌੜੀਆਂ ਨੇੜੇ ਇਕੱਠੇ ਹੋਏ ਅਤੇ ਪ੍ਰੇਰਣਾ ਸਥਲ ‘ਤੇ ਰਾਸ਼ਟਰ ਪਿਤਾ ਦੇ ਬੁੱਤ ਤੱਕ ਗਏ।
ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਲੋਕ ਸਭਾ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ, ”ਰਾਸ਼ਟਰ ਪਿਤਾ, ਮਹਾਤਮਾ ਗਾਂਧੀ ਨੇ ਦੇਸ਼ ਦੀ ਆਤਮਾ ਨੂੰ ਜਗਾਇਆ। ਉਨ੍ਹਾਂ ਨੇ ਸਾਡੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਈ… ਅੱਜ, ਭਾਜਪਾ ਕੋਲ ਕੁਝ ਨਵਾਂ ਕਰਨ ਲਈ ਨਹੀਂ ਹੈ, ਅਤੇ ਇਸ ਲਈ ਉਹ ਨਾਮ ਬਦਲ ਰਹੇ ਹਨ।”
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਗਾਰੰਟੀ ਫਾਰ ਰੋਜ਼ਗਾਰ ਔਰ ਆਜੀਵਿਕਾ ਮਿਸ਼ਨ (ਗ੍ਰਾਮੀਣ) (VB-G RAM G) ਬਿੱਲ 2025, ਨੂੰ ਲੋਕ ਸਭਾ ਵਿਚ ਪੇਸ਼ ਕੀਤਾ। ਉਧਰ ਵਿਰੋਧੀ ਧਿਰ ਨੇ ਮਹਾਤਮਾ ਗਾਂਧੀ ਦਾ ਨਾਮ ‘ਹਟਾਉਣ’ ‘ਤੇ ਸਖ਼ਤ ਇਤਰਾਜ਼ ਜਤਾਇਆ।
ਚੌਹਾਨ ਨੇ ਵਿਰੋਧੀ ਧਿਰ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਨਾ ਸਿਰਫ਼ ਮਹਾਤਮਾ ਗਾਂਧੀ ਵਿਚ ਵਿਸ਼ਵਾਸ ਰੱਖਦੀ ਹੈ, ਸਗੋਂ ਉਨ੍ਹਾਂ ਦੇ ਸਿਧਾਂਤਾਂ ‘ਤੇ ਵੀ ਚੱਲਦੀ ਹੈ।