#AMERICA

ਟਰੰਪ ਨੇ ਅਮਰੀਕਾ ‘ਚ ਪੜ੍ਹਾਈ ਕਰਕੇ ਭਾਰਤ ਤੇ ਚੀਨ ਵਾਪਸ ਜਾਣ ਵਾਲੇ ਵਿਦਿਆਰਥੀਆਂ ‘ਤੇ ਕੱਸਿਆ ਤੰਜ

ਕਿਹਾ : ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਦੇਸ਼ਾਂ ‘ਚ ਵਾਪਸ ਜਾਣਾ ‘ਸ਼ਰਮਨਾਕ’
ਵਾਸ਼ਿੰਗਟਨ, 12 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਵਿਦਿਆਰਥੀਆਂ ਦਾ ਅਮਰੀਕਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਤੋਂ ਗ੍ਰੈਜੂਏਟ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਦੇਸ਼ਾਂ ‘ਚ ਵਾਪਸ ਜਾਣਾ ‘ਸ਼ਰਮਨਾਕ’ ਹੈ। ਟਰੰਪ ਨੇ ਦਾਅਵਾ ਕੀਤਾ ਕਿ ‘ਟਰੰਪ ਗੋਲਡ ਕਾਰਡ’ ਯੋਜਨਾ ਕੰਪਨੀਆਂ ਨੂੰ ਦੇਸ਼ ‘ਚ ਇਸ ਤਰ੍ਹਾਂ ਦੇ ਪ੍ਰਤਿਭਾਵਾਂ ਨੂੰ ਨਿਯੁਕਤ ਕਰਨ ਅਤੇ ਬਣਾਏ ਰੱਖਣ ‘ਚ ਸਮਰੱਥ ਬਣਾਏਗੀ। ਉਨ੍ਹਾਂ ਨੇ ਬੁੱਧਵਾਰ ਨੂੰ 10 ਲੱਖ ਡਾਲਰ ਦੀ ‘ਟਰੰਪ ਗੋਲਡ ਕਾਰਡ’ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਇਕ ਵੀਜ਼ਾ ਪ੍ਰੋਗਰਾਮ ਹੈ, ਜੋ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦਾ ਮਾਰਗ ਪ੍ਰਦਾਨ ਕਰੇਗਾ। ‘ਟਰੰਪ ਗੋਲਡ ਕਾਰਡ’ ਇਕ ਅਜਿਹਾ ਵੀਜ਼ਾ ਹੈ, ਜੋ ਅਮਰੀਕਾ ਨੂੰ ਪੂਰਾ ਲਾਭ ਪ੍ਰਦਾਨ ਕਰਨ ਦੀ ਕਿਸੇ ਵਿਅਕਤੀ ਦੀ ਸਮਰੱਥਾ ‘ਤੇ ਆਧਾਰਿਤ ਹੈ।
ਵ੍ਹਾਈਟ ਹਾਊਸ ‘ਚ ਇਕ ਬੈਠਕ ‘ਚ ਟਰੰਪ ਨੇ ਕਿਹਾ, ”ਕਿਸੇ ਮਹਾਨ ਵਿਅਕਤੀ ਦਾ ਸਾਡੇ ਦੇਸ਼ ‘ਚ ਆਉਣਾ ਇਕ ਤੋਹਫ਼ੇ ਦੇ ਸਮਾਨ ਹੈ, ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹ ਕੁਝ ਅਜਿਹੇ ਅਸਾਧਾਰਣ ਲੋਕ ਹੋਣਗੇ, ਜਿਨ੍ਹਾਂ ਨੂੰ ਇੱਥੇ ਰਹਿਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਨ੍ਹਾਂ ਨੂੰ ਭਾਰਤ ਵਾਪਸ ਜਾਣਾ ਪੈਂਦਾ ਹੈ, ਉਨ੍ਹਾਂ ਚੀਨ ਵਾਪਸ ਜਾਣਾ ਪੈਂਦਾ ਹੈ, ਉਨ੍ਹਾਂ ਨੂੰ ਫਰਾਂਸ ਵਾਪਸ ਜਾਣਾ ਪੈਂਦਾ ਹੈ। ਉਨ੍ਹਾਂ ਨੂੰ ਵਾਪਸ ਉੱਥੇ ਹੀ ਜਾਣਾ ਪੈਂਦਾ ਹੈ, ਜਿੱਥੋਂ ਉਹ ਆਏ ਸਨ। ਉੱਥੇ ਰੁਕਣਾ ਬਹੁਤ ਮੁਸ਼ਕਲ ਹੈ। ਇਹ ਸ਼ਰਮਨਾਕ ਹੈ। ਇਹ ਇਕ ਹਾਸੋਹੀਣ ਗੱਲ ਹੈ। ਅਸੀਂ ਇਸ ‘ਤੇ ਧਿਆਨ ਦੇ ਰਹੇ ਹਾਂ।” ਟਰੰਪ ਨੇ ਐਲਾਨ ਕੀਤਾ ਕਿ ਗੋਲਡ ਕਾਰਡ ਵੈੱਬਸਾਈਟ ਸ਼ੁਰੂ ਹੋ ਗਈ ਹੈ ਅਤੇ ਕੰਪੀਆਂ ਵਹਾਰਟਨ, ਹਾਵਰਡ ਅਤੇ ਐੱਮ.ਆਈ.ਟੀ. ਵਰਗੀਆਂ ਚੋਟੀ ਦੀਆਂ ਅਮਰੀਕੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਅਮਰੀਕਾ ‘ਚ ਹੀ ਰੱਖਣ ਲਈ ਗੋਲਡ ਕਾਰਡ ਖਰੀਦ ਸਕਦੀ ਹੈ। ਇਸ ਮੌਕੇ ਆਈ.ਬੀ.ਐੱਮ. ਦੇ ਭਾਰਤੀ ਮੂਲ ਦੇ ਅਮਰੀਕੀ ਸੀ.ਈ.ਓ. ਅਰਵਿੰਦ ਕ੍ਰਿਸ਼ਨਾ ਅਤੇ ਡੈਲ ਟੈਕਨਾਲੋਜੀਜ਼ ਦੇ ਸੀ.ਈ.ਓ. ਮਾਈਕਲ ਡੈਲ ਵੀ ਮੌਜੂਦ ਸਨ।