#AMERICA

ਕਾਂਗਰਸਮੈਨ ਸੁਬਰਾਮਨੀਅਮ ਵੱਲੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਮਦਦ ਲਈ ਚੁੱਕਿਆ ਅਹਿਮ ਕਦਮ

ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਕਾਂਗਰਸਮੈਂਬਰ ਸੁਹਾਸ ਸੁਬਰਾਮਨੀਅਮ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਸਭ ਤੋਂ ਵੱਡੀਆਂ ਰੁਕਾਵਟਾਂ ਵਿੱਚੋਂ ਇੱਕ ‘ਡਾਊਨ ਪੇਮੈਂਟ’ ਲਈ ਬੱਚਤ ਕਰਨ ਨੂੰ ਆਸਾਨ ਬਣਾਉਣ ਲਈ ਇੱਕ ਦੋ-ਪੱਖੀ ਪ੍ਰਸਤਾਵ ਪੇਸ਼ ਕੀਤਾ। 9 ਦਸੰਬਰ ਨੂੰ, ਆਇਓਵਾ ਦੇ ਦੂਜੇ ਜ਼ਿਲ੍ਹੇ ਦੀ ਪ੍ਰਤੀਨਿਧਿ ਐਸ਼ਲੇ ਹਿੰਸਨ ਦੇ ਨਾਲ, ਫਰਸਟ ਹੋਮ ਸੇਵਿੰਗਜ਼ ਓਪਰਚਿਊਨਿਟੀ ਐਕਟ ਪੇਸ਼ ਕੀਤਾ ਗਿਆ, ਜੋ ਡਾਊਨ ਪੇਮੈਂਟ ਅਤੇ ਕਲੋਜ਼ਿੰਗ ਖਰਚਿਆਂ ਲਈ ਵਿਸ਼ੇਸ਼ ਟੈਕਸ-ਕਟੌਤੀਯੋਗ ਸੇਵਿੰਗ ਖਾਤੇ ਬਣਾਉਣ ਦੀ ਯੋਜਨਾ ਰੱਖਦਾ ਹੈ। ਪ੍ਰਸਤਾਵ ਅਧੀਨ, ਯੋਗ ਵਿਅਕਤੀ ਆਪਣਾ ਪਹਿਲਾ ਘਰ ਖਰੀਦਣ ਲਈ ਹਰ ਸਾਲ 10,000 ਡਾਲਰ ਤੱਕ ਅਤੇ ਜੋੜਿਆਂ ਲਈ 20,000 ਡਾਲਰ ਤੱਕ ਬਿਨਾਂ ਟੈਕਸ ਦੇ ਬਚਾ ਸਕਣਗੇ।
ਸੁਬਰਾਮਨੀਅਮ ਨੇ ਐਲਾਨ ਵਿਚ ਕਿਹਾ ਕਿ ”ਘਰ ਖਰੀਦਣਾ ਬਹੁਤ ਸਾਰੇ ਅਮਰੀਕੀਆਂ ਲਈ ਪਹੁੰਚ ਤੋਂ ਬਾਹਰ ਹੋ ਗਿਆ ਹੈ, ਖ਼ਾਸ ਤੌਰ ‘ਤੇ ਨੌਜਵਾਨਾਂ ਲਈ।” ਉਨ੍ਹਾਂ ਅੱਗੇ ਕਿਹਾ ਕਿ ਇਹ ਕਦਮ ”ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਕੁਝ ਚੀਜ਼ਾਂ ਆਸਾਨ ਬਣਾ ਦੇਵੇਗਾ,” ਹਾਲਾਂਕਿ ਵਿਆਪਕ ਕਿਫਾਇਤੀ ਮੁੱਦਿਆਂ ਲਈ ਹੋਰ ਕਾਰਵਾਈ ਦੀ ਲੋੜ ਹੈ।
ਹਿੰਸਨ ਨੇ ਕਿਹਾ ਕਿ ਬਿੱਲ ਦਾ ਮਕਸਦ ਮੱਧਵਰਗੀ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਰਾਹ ਨੂੰ ਮੁੜ ਬਹਾਲ ਕਰਨਾ ਹੈ, ਕਿਉਂਕਿ ਟੈਕਸ-ਮੁਕਤ ਬੱਚਤਾਂ ਨਾਲ ਪਰਿਵਾਰਾਂ ਨੂੰ ”ਆਪਣੇ ਸੁਪਨੇ ਵਾਲਾ ਘਰ ਖਰੀਦਣ” ਵਿਚ ਮਦਦ ਮਿਲੇਗੀ। ਹਾਉਸਿੰਗ ਉਦਯੋਗ ਦੇ ਕਈ ਗਰੁੱਪਾਂ ਨੇ ਇਸਦੀ ਸ਼ੁਰੂਆਤੀ ਪੱਧਰ ‘ਤੇ ਹੀ ਹਮਾਇਤ ਕੀਤੀ। ਲਾਊਡਨ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਟੋਨੀ ਹਾਵਰਡ ਨੇ ਇਸ ਬਿੱਲ ਨੂੰ ”ਇੱਕ ਸਮਝਦਾਰ, ਅਗਾਂਹ ਸੋਚ ਵਾਲਾ ਹੱਲ” ਕਰਾਰ ਦਿੱਤਾ, ਜੋ ਨੌਜਵਾਨ ਪਰਿਵਾਰਾਂ ਦੀ ਸਭ ਤੋਂ ਵੱਡੀ ਰੁਕਾਵਟ ਨੂੰ ਹਟਾਉਂਦਾ ਹੈ।
ਨੈਸ਼ਨਲ ਐਸੋਸੀਏਸ਼ਨ ਆਫ਼ ਰੀਅਲਟਰਜ਼ ਦੀ ਚੀਫ਼ ਐਡਵੋਕੇਸੀ ਅਫਸਰ ਸ਼ੈਨਨ ਮੈਕਗੈਨ ਨੇ ਕਿਹਾ ਕਿ ਲਗਭਗ ਅੱਧੇ ਸੰਭਾਵੀ ਖਰੀਦਦਾਰ ਡਾਊਨ ਪੇਮੈਂਟ ਭਰਨ ਵਿਚ ਅਸਮਰੱਥ ਹਨ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਔਸਤ ਉਮਰ ਹੁਣ 40 ਸਾਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਡਾਊਨ-ਪੇਮੈਂਟ ਬੱਚਤਾਂ ਲਈ ਇੱਕ ਸਮਰਪਿਤ, ਟੈਕਸ-ਕਟੌਤੀਯੋਗ ਵਿਧੀ ਬਣਾ ਕੇ ”ਇੱਛਾਵਾਂ ਨੂੰ ਕਾਰਵਾਈ ਵਿਚ ਬਦਲਣ” ਵਿਚ ਮਦਦ ਕਰੇਗਾ।
ਇਹ ਕਾਨੂੰਨ ਅਜਿਹੇ ਸਮੇਂ ਆਇਆ ਹੈ, ਜਦੋਂ ਪਿਛਲੇ ਇੱਕ ਦਹਾਕੇ ਵਿਚ ਪਹਿਲੀ ਵਾਰ ਖਰੀਦਦਾਰਾਂ ਦੀ ਹਾਊਸਿੰਗ ਮਾਰਕੀਟ ਵਿਚ ਸਭ ਤੋਂ ਘੱਟ ਹਿੱਸੇਦਾਰੀ ਹੈ, ਕਿਉਂਕਿ ਉੱਚ ਮੋਰਟਗੇਜ ਦਰਾਂ ਅਤੇ ਵਧੀਆਂ ਕੀਮਤਾਂ ਕਾਰਨ ਘਰ ਦੀ ਮਲਕੀਅਤ ਹੋਰ ਦੂਰ ਹੁੰਦੀ ਜਾ ਰਹੀ ਹੈ।