#CANADA

ਕੈਨੇਡਾ ‘ਚ ਵਿਦੇਸ਼ੀ ਡਾਕਟਰਾਂ ਨੂੰ ਪੱਕੀ ਇਮੀਗ੍ਰੇਸ਼ਨ ਤੇ ਵਰਕ ਪਰਮਿਟ ਦਾ ਮੌਕਾ

-2 ਹਫ਼ਤਿਆਂ ‘ਚ ਮਿਲੇਗਾ ਵਰਕ ਪਰਮਿਟ
ਟੋਰਾਂਟੋ, 11 ਦਸੰਬਰ (ਪੰਜਾਬ ਮੇਲ)- ਕੈਨੇਡਾ ਵਿਚ ਬੀਤੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਹੈ ਪਰ ਮਰੀਜ਼ ਵੱਧ ਰਹੇ ਹਨ, ਜਿਸ ਕਰਕੇ ਸਰਕਾਰ ਵੱਲੋਂ ਯੋਗਤਾ ਪ੍ਰਾਪਤ ਵਿਦੇਸ਼ੀ ਡਾਕਟਰਾਂ ਨੂੰ ਪੱਕੀ ਇਮੀਗ੍ਰੇਸ਼ਨ ਤੇ ਵਰਕ ਪਰਮਿਟ ਦੇਣਾ ਸੌਖਾ ਕੀਤਾ ਜਾ ਰਿਹਾ ਹੈ।
ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੇ ਆਏ ਐਲਾਨ ਮੁਤਾਬਕ 3 ਤਰੀਕਿਆਂ ਨਾਲ ਡਾਕਟਰਾਂ ਲਈ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੇ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ, ਜਿਸ ਨਾਲ ਵਿਦੇਸ਼ਾਂ ਤੋਂ ਕੈਨੇਡਾ ਪੁੱਜੇ ਹੋਏ ਡਾਕਟਰਾਂ ਨੂੰ ਵੀ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਹੈ। ਕੈਨੇਡਾ ਵਿਚ ਡਾਕਟਰ ਵਜੋਂ ਬੀਤੇ 3 ਸਾਲਾਂ ਦੌਰਾਨ ਇਕ ਸਾਲ ਦੇ ਕੰਮ ਕਰਨ ਦੇ ਤਜ਼ਰਬੇ ਨਾਲ ‘ਐਕਸਪ੍ਰੈੱਸ ਐਂਟਰੀ ਸਿਸਟਮ’ ‘ਚ ਨਵੀਂ ਕੈਟਾਗਰੀ ‘ਫਿਜ਼ੀਸ਼ੀਅਨ ਵਿਦ ਕੈਨੇਡੀਅਨ ਐਕਸਪੀਰੀਐਂਸ’ ਬਣਾਈ ਗਈ ਹੈ। ਇਸ ਕੈਟਾਗਰੀ ਵਿਚ ਕੈਨੇਡਾ ਦੀ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ (ਐੱਨ.ਓ.ਸੀ.) ਦੇ ਕੋਡ ਫੈਮਲੀ ਫਿਜ਼ੀਸ਼ੀਅਨ 31102, ਸਰਜਰੀ ਸਪੈਸ਼ਲਿਸਟ 31101 ਅਤੇ ਕਲੀਨਿਕ ਸਪੈਸ਼ਲਿਸਟ ਐਂਡ ਲੈਬ ਮੈਡੀਸਨ 31100- ਸ਼ਾਮਲ ਕੀਤੇ ਗਏ ਹਨ। ਇਸ ਕੈਟੇਗਰੀ ‘ਚ ਅਪਲਾਈ ਕਰਨਾ 2026 ਦੇ ਸ਼ੁਰੂ ‘ਚ ਸੰਭਵ ਹੋ ਜਾਵੇਗਾ। ਇਮੀਗ੍ਰੇਸ਼ਨ ਮੰਤਰਾਲੇ ਦੇ ‘ਐਕਸਪ੍ਰੈੱਸ ਐਂਟਰੀ ਸਿਸਟਮ’ ਵਿਚ ਹੈਲਥਕੇਅਰ ਵਰਕਰਜ਼ ਵਜੋਂ ਵੀ ਡਾਕਟਰਾਂ ਲਈ ਆਪਣਾ ਪ੍ਰੋਫਾਈਲ ਬਣਾਉਣ ਦਾ ਮੌਕਾ ਬਰਕਰਾਰ ਰਹੇਗਾ, ਜਿਸ ਵਿਚ ਨਰਸਾਂ, ਦੰਦਾਂ ਤੇ ਅੱਖਾਂ ਦੇ ਡਾਕਟਰ ਤੇ ਹੋਰਨਾਂ ਵੱਲੋਂ ਆਪਣੇ ਪ੍ਰੋਫਾਈਲ ਬਣਾਏ ਜਾਂਦੇ ਹਨ ਪਰ ਇਸ ਲਈ ਕੈਨੇਡਾ ਵਿਚ ਕੰਮ ਕੀਤੇ ਹੋਣ ਦਾ ਤਜ਼ਰਬਾ ਹੋਣ ਦੀ ਸ਼ਰਤ ਪੂਰੀ ਕਰਨਾ ਜ਼ਰੂਰੀ ਨਹੀਂ ਹੈ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵੱਲੋਂ ਸੂਬਾਈ ਸਰਕਾਰਾਂ ਦੇ ਨੌਮੀਨੇਸ਼ਨ ਪ੍ਰੋਗਰਾਮ ਤਹਿਤ 5000 ਡਾਕਟਰਾਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਦਾ ਵੱਖਰਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਪੀ.ਐੱਨ.ਪੀ. ‘ਚ ਲਾਇਸੈਂਸ ਤੇ ਜੌਬ ਆਫ਼ਰ ਵਾਲੇ ਡਾਕਟਰਾਂ ਨੂੰ ਨੌਮੀਨੇਸ਼ਨ ਮਿਲ ਸਕੇਗੀ। ਪੀ.ਐੱਨ.ਪੀ. ਨੌਮੀਨੇਸ਼ਨ ਮਿਲਣ ਮਗਰੋਂ ‘ਪਰਮਾਨੈਂਟ ਰੈਜ਼ੀਡੈਂਸੀ’ ਮਿਲਣ ਤੱਕ ਦੇ ਇੰਤਜ਼ਾਰ ਦੇ ਸਮੇਂ ਦੌਰਾਨ ਕੰਮ ਕਰਨ ਲਈ ਵਿਦੇਸ਼ੀ ਡਾਕਟਰਾਂ ਨੂੰ ਵਰਕ ਪਰਮਿਟ ਮਿਲਿਆ ਕਰੇਗਾ, ਜੋ ਅਧਿਕਾਰੀਆਂ ਵੱਲੋਂ 2 ਕੁ ਹਫ਼ਤਿਆਂ ‘ਚ ਜਾਰੀ ਕੀਤਾ ਜਾਵੇਗਾ। ਕੈਨੇਡਾ ਵਿਚ ਨਰਸਾਂ ਤੇ ਡਾਕਟਰਾਂ ਦੀ ਘਾਟ ਦੀਆਂ ਖ਼ਬਰਾਂ ਬੀਤੇ ਲਗਭਗ 2 ਦਹਾਕਿਆਂ ਤੋਂ ਚਰਚਿਤ ਹਨ ਤੇ ਇਸ ਸਮੇਂ ਵੀ ਓਨਟਾਰੀਓ ਪ੍ਰਾਂਤ ‘ਚ 25 ਲੱਖ ਲੋਕਾਂ ਕੋਲ ਫੈਮਿਲੀ ਡਾਕਟਰ ਨਹੀਂ ਹਨ।