#AMERICA

ਟਰੰਪ ਵੱਲੋਂ ਕਿਸਾਨਾਂ ਲਈ 12 ਬਿਲੀਅਨ ਡਾਲਰ ਦੀ ਸਹਾਇਤਾ ਪੈਕੇਜ ਦੇਣ ਦਾ ਐਲਾਨ

ਵਾਸ਼ਿੰਗਟਨ ਡੀ.ਸੀ., 10 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਥੋਂ ਦੇ ਉਨ੍ਹਾਂ ਕਿਸਾਨਾਂ ਲਈ 12 ਬਿਲੀਅਨ ਡਾਲਰ ਦੀ ਸਹਾਇਤਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਅਮਰੀਕਾ ਦੇ ਵਪਾਰ ਯੁੱਧ ਤੋਂ ਪ੍ਰਭਾਵਿਤ ਹੋਏ ਹਨ। ਡੋਨਾਲਡ ਟਰੰਪ ਦਾ ਵਪਾਰ ਯੁੱਧ ਤੋਂ ਭਾਵ ਹੈ ਕਿ ਜਿਹੜੀਆਂ ਦੂਜੇ ਦੇਸ਼ਾਂ ‘ਤੇ ਪਾਬੰਦੀਆਂ ਲਾਈਆਂ ਗਈਆਂ ਹਨ, ਉਸ ਨਾਲ ਅਮਰੀਕਾ ਦੇ ਕਿਸਾਨ ਵੀ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਟਰੰਪ ਨੇ ਵ੍ਹਾਈਟ ਹਾਊਸ ਵਿਖੇ ਫਾਇਨਾਂਸ ਸੈਕਟਰੀ ਸਕਾਟ ਬੇਸੈਂਟ ਅਤੇ ਐਗਰੀਕਲਚਰ ਸੈਕਟਰੀ ਬਰੂਕ ਰੋਲੇਨਸ ਅਤੇ ਕਾਂਗਰਸ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਇਹ ਐਲਾਨ ਕੀਤਾ ਕਿ ਮੱਕੀ, ਕਪਾਹ, ਜਵਾਰ, ਸੋਇਆਬੀਨ, ਚੌਲ, ਕਣਕ, ਆਲੂ ਅਤੇ ਪਸ਼ੂਆਂ ਦੇ ਉਤਪਾਦਕ ਕਿਸਾਨਾਂ ਨੂੰ ਇਹ ਰਾਹਤ ਦਿੱਤੀ ਜਾਵੇਗੀ। ਇਸ ਨਾਲ ਅਮਰੀਕਾ ਵਿਚ ਪੈਦਾ ਹੋਈ ਰਾਸ਼ਨ ਦੀਆਂ ਕੀਮਤਾਂ ਨੂੰ ਘਟਾਉਣ ਵਿਚ ਮਦਦ ਮਿਲੇਗੀ। ਐਗਰੀਕਲਚਰ ਸੈਕਟਰੀ ਰੋਲੇਨਸ ਨੇ ਬਿਆਨ ਦਿੱਤਾ ਹੈ ਕਿ 11 ਬਿਲੀਅਨ ਡਾਲਰ ਦੀ ਸਹਾਇਤਾ ਫਸਲਾਂ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਅਤੇ ਇਹ 28 ਫਰਵਰੀ ਤੱਕ ਵੰਡ ਦਿੱਤੀ ਜਾਵੇਗੀ। 1 ਬਿਲੀਅਨ ਡਾਲਰ ਦੀ ਸਹਾਇਤਾ ਬਾਅਦ ਵਿਚ ਦਿੱਤੀ ਜਾਵੇਗੀ। ਰੋਲੇਨਸ ਨੇ ਕਿਹਾ ਕਿ ਪ੍ਰਸ਼ਾਸਨ ਫਲਾਂ, ਸਬਜ਼ੀਆਂ ਅਤੇ ਹੋਰ ਫਸਲਾਂ ਲਈ 1 ਬਿਲੀਅਨ ਡਾਲਰ ਨੂੰ ਅੰਤਿਮ ਰੂਪ ਦੇਣ ਲਈ ਰੋਕ ਰਿਹਾ ਹੈ। ਭੁਗਤਾਨ ਦੀ ਗਣਨਾ, ਕਿਸਾਨਾਂ ਨੇ ਕਿੰਨੇ ਏਕੜ ਬੀਜੇ ਹਨ, ਉਨ੍ਹਾਂ ਦਾ ਉਤਪਾਦਨ, ਲਾਗਤ ਅਤੇ ਹੋਰ ਕੰਮਾਂ ਦੇ ਆਧਾਰ ‘ਤੇ ਕੀਤੀ ਜਾਵੇਗੀ।
ਚੋਟੀ ਦੇ ਡੈਮੋਕ੍ਰੇਟ ਆਗੂ ਐਮੀ ਕਲੋਬੂਚਰ ਨੇ ਕਿਹਾ ਕਿ ਟਰੰਪ ਦੀਆਂ ਵਪਾਰਕ ਨੀਤੀਆਂ ਨੇ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਦੇ ਲਈ ਰਾਸ਼ਟਰਪਤੀ ਟਰੰਪ ਨੂੰ ਟੈਰਿਫ ਟੈਕਸਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ।