#AMERICA

ਕੁੱਤੇ ਕਾਰਨ ਮਹਿਲਾ ਹੋ ਸਕਦੀ ਹੈ ਅਮਰੀਕਾ ਤੋਂ ਡਿਪੋਰਟ!

-20 ਸਾਲਾਂ ਤੋਂ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੀ ਸੀ ਅਮਰੀਕਾ
ਵਾਲੂਸੀਆ (ਫਲੋਰੀਡਾ), 10 ਦਸੰਬਰ (ਪੰਜਾਬ ਮੇਲ)- ਅਮਰੀਕਾ ‘ਚ ਪਿਛਲੇ 20 ਸਾਲਾਂ ਤੋਂ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੀ ਇੱਕ ਔਰਤ ਨੂੰ ਇੱਕ ਕੁੱਤੇ ਉੱਤੇ ਕੌਫੀ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 935 ਵੱਲੋਂ ਉਸ ਨੂੰ ਹਿਰਾਸਤ ਵਿਚ ਰੱਖ ਕੇ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਫਲੋਰੀਡਾ ਸਟੇਟ ਦੇ ਵਾਲੂਸੀਆ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਰਿਪੋਰਟ ਦਿੱਤੀ ਹੈ ਕਿ ਨੀਨਾ ਜੈਸਕਲੇਨਨ ਨੇ ਕਥਿਤ ਤੌਰ ‘ਤੇ ਕੁੱਤੇ ਸਮੇਤ ਉਸ ਦੀ ਮਾਲਕਣ ਅਤੇ ਉਸ ਦੇ ਬੱਚੇ ‘ਤੇ ਕੌਫੀ ਸੁੱਟ ਦਿੱਤੀ, ਜਿਸ ਨਾਲ ਉਹ ਪ੍ਰਭਾਵਿਤ ਹੋਏ। ਔਰਤ ਦਾ ਕੁੱਤਾ ਖੁੱਲ੍ਹ ਗਿਆ ਸੀ, ਜਿਸ ਕਰਕੇ ਨੀਨਾ ਨੇ ਡਰ ਦੇ ਮਾਰੇ ਉਸ ‘ਤੇ ਕੌਫੀ ਸੁੱਟ ਦਿੱਤੀ। ਭਾਵੇਂ ਕਿ ਉਹ ਕੌਫੀ ਕੁੱਤੇ ‘ਤੇ ਸੁੱਟਣਾ ਚਾਹੁੰਦੀ ਸੀ, ਪਰ ਇਸ ਦੇ ਨਾਲ-ਨਾਲ ਉਸ ਦੀ ਮਾਲਕਣ ਅਤੇ ਉਸ ਦੇ ਬੱਚੇ ‘ਤੇ ਵੀ ਕੌਫੀ ਸੁੱਟੀ ਗਈ।
ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੇ ਅਧਿਕਾਰੀਆਂ ਨੇ ਰਿਪੋਰਟ ਦਿੱਤੀ ਹੈ ਕਿ ਨੀਨਾ ਜੈਸਕਲੇਨਨ ਤਕਰੀਬਨ 20 ਸਾਲ ਪਹਿਲਾਂ ਟੂਰਿਸਟ ਵੀਜ਼ਾ ‘ਤੇ ਅਮਰੀਕਾ ‘ਚ ਦਾਖਲ ਹੋਈ ਸੀ ਅਤੇ ਉਹ ਲਗਾਤਾਰ ਬਿਨਾਂ ਕਿਸੇ ਸਟੇਟਸ ਤੋਂ ਇਥੇ ਰਹਿ ਰਹੀ ਸੀ।
ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਅਪਰਾਧਿਕ ਕਾਰਵਾਈ ਪੂਰੀ ਹੋਣ ਤੋਂ ਬਾਅਦ ਜੈਸਕਲੇਨਨ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੀ.ਐੱਚ.ਐੱਸ. ਦੀ ਸਹਾਇਕ ਸਕੱਤਰ ਟਰੇਸੀਆ ਮੈਕਲਾਫਨਿਨ ਨੇ ਕਿਹਾ ਕਿ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਜੈਸਕਲੇਨਨ ਇੱਥੇ ਰਹਿ ਰਹੀ ਹੈ, ਜਿਸ ‘ਤੇ ਵੱਡੀ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂਕਿ ਅਮਰੀਕੀ ਪਰਿਵਾਰ ਇਨ੍ਹਾਂ ਚੀਜ਼ਾਂ ਦਾ ਸ਼ਿਕਾਰ ਨਾ ਹੋ ਸਕਣ।