#EUROPE

ਫਿਲਮ ”ਬੇਗੋ” ਬਿਲਕੁਲ ਹੀ ਨਿਵੇਕਲਾ ਵਿਸ਼ਾ ਹੈ: ਸ਼ਿਵਚਰਨ ਜੱਗੀ ਕੁੱਸਾ

-ਲਵਲੀ ਸ਼ਰਮਾ ਦੀ ਨਿਰਦੇਸ਼ਨਾ ਹੇਠ ਜਲਦੀ ਪਹੁੰਚੇਗੀ ਸਿਨੇਮਾ ਘਰਾਂ ਵਿੱਚ ਫਿਲਮ ”ਬੇਗੋ”
ਗਲਾਸਗੋ/ਲੰਡਨ, 10 ਦਸੰਬਰ (ਮਨਦੀਪ ਖੁਰਮੀ ਹਿੰਮਤਪੁਰਾ/ਪੰਜਾਬ ਮੇਲ)- ਵਿਸ਼ਵ-ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਆਪਣੇ ਨਾਵਲਾਂ, ਕਹਾਣੀਆਂ ਕਰਕੇ ਤਾਂ ‘ਧੁੱਕੀ-ਕੱਢ’ ਲੇਖਕ ਵਜੋਂ ਪ੍ਰਸਿੱਧ ਹਨ ਹੀ, ਹੁਣ ਉਹ ਫਿਲਮ ਲੇਖਕ ਵਜੋਂ ਵੀ ਤਰਥੱਲੀ ਮਚਾਉਣ ਆ ਰਹੇ ਹਨ। ਬਹੁਤ ਸਾਰੀਆਂ ਪੰਜਾਬੀ ਫਿਲਮਾਂ ਲਈ ਸੰਵਾਦ ਲੇਖਕ ਦੇ ਤੌਰ ‘ਤੇ ਚਰਚਿਤ ਰਹੇ ਜੱਗੀ ਕੁੱਸਾ ਫਿਲਮ ”ਬੇਗੋ” ਰਾਹੀਂ ਦਮਦਾਰ ਹਾਜ਼ਰੀ ਲਗਵਾਉਣ ਆ ਰਹੇ ਹਨ। ਫਿਲਮ ਬੇਗੋ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਸ਼ਿਵਚਰਨ ਜੱਗੀ ਕੁੱਸਾ ਦੇ ਲਿਖੇ ਹੋਏ ਹਨ। ਇਸ ਫਿਲਮ ਨੂੰ ਨਿਰਦੇਸ਼ਿਤ ਕਰ ਰਹੇ ਹਨ ਲਵਲੀ ਸ਼ਰਮਾ। ਲਵਲੀ ਸ਼ਰਮਾ ਦੀ ਨਿਰਦੇਸ਼ਨਾ ਅਤੇ ਯੁੱਗ ਫਿਲਮ ਸਟੂਡੀਓ ਦੀ ਇਸ ਫਿਲਮ ਵਿਚ ਬਤੌਰ ਮੁੱਖ ਅਦਾਕਾਰ ਕੁਲ ਸਿੱਧੂ, ਗਿਰਜਾ ਸ਼ੰਕਰ, ਵਿਨੈ ਜੌੜਾ, ਨਗਿੰਦਰ ਗੱਖੜ, ਐਂਜਲੀਨਾ ਰਾਜਪੂਤ, ਪਾਲੀ ਸੰਧੂ, ਰਮਨੀਕ ਸ਼ਰਮਾ, ਰੂਪ ਸੰਧੂ, ਕੁਲਵੰਤ ਖੁਰਮੀ, ਪਾਲੀ ਸੰਧੂ, ਹਰਸ਼ ਗਿੱਲ ਅਤੇ ਗੁਰਪ੍ਰੀਤ ਤੋਤੀ ਸਮੇਤ ਹੋਰ ਵੀ ਨਾਮੀ ਕਲਾਕਾਰ ਆਪਣੀ ਕਲਾ ਦੇ ਦੀਦਾਰੇ ਕਰਵਾਉਣਗੇ।
ਫਿਲਮ ਦੇ ਪ੍ਰੋਡਿਊਸਰ ਮਨਿੰਦਰਪਾਲ ਸਿੰਘ, ਸ਼ੇਰਾ ਧੂੜਕੋਟੀਆ ਅਤੇ ਦਿਲਵੀਰ ਸਿੰਘ ਹਨ। ਕਾਬਲ ਗਿੱਲ ਨੂੰ ਪ੍ਰਾਜੈਕਟ ਹੈੱਡ ਦੀ ਸੇਵਾ ਸੌਂਪੀ ਗਈ ਹੈ। ਆਰਟ ਡਾਇਰੈਕਟਰ ਦੀਆਂ ਸੇਵਾਵਾਂ ਪਰਮਿੰਦਰ ਸਿੰਘ ਆਜ਼ਾਦ ਨਿਭਾਉਣਗੇ। ਡਾਇਰੈਕਟਰ ਲਵਲੀ ਸ਼ਰਮਾ ਨੇ ਦੱਸਿਆ ਕਿ ਫਿਲਮ ਦੇ ਸੰਗੀਤ ਦੀ ਜ਼ਿੰਮੇਵਾਰੀ ਵਿਸ਼ਵ-ਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ ਜੀ ਨੇ ਸਾਂਭੀ ਹੈ ਅਤੇ ਇਸ ਫਿਲਮ ਵਿਚ ਨਛੱਤਰ ਗਿੱਲ, ਨੂਰਾਂ ਸਿਸਟਰਜ਼, ਕਮਲ ਖਾਨ ਸਮੇਤ ਹੋਰ ਵੀ ਬੇਹੱਦ ਸੁਰੀਲੀਆਂ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ। ਸ਼ਿਵਚਰਨ ਜੱਗੀ ਕੁੱਸਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਫਿਲਮ ”ਬੇਗੋ” ਬਿਲਕੁਲ ਨਿਵੇਕਲੀ, ਤੇ ਸੇਧਦਾਇਕ ਕਹਾਣੀ ਹੈ, ਜਿਸ ਨੂੰ ਪਰਿਵਾਰ ਸਮੇਤ ਦੇਖ ਕੇ ਮਾਣ ਮਹਿਸੂਸ ਕਰੋਗੇ। ਉਨ੍ਹਾਂ ਕਿਹਾ ਕਿ ਫਿਲਮ ਦੇ ਕਾਰਜ ਬਹੁਤ ਹੀ ਤਨਦੇਹੀ ਨਾਲ ਹੋ ਰਹੇ ਹਨ ਤੇ ਜਲਦ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।