#AMERICA

ਅਮਰੀਕੀ ਵਿਚ ਦੋਹਰੀ ਨਾਗਰਿਕਤਾ ਖਤਮ ਕਰਨ ਲਈ ਬਿੱਲ ਪੇਸ਼

ਓਹਾਇਓ, 3 ਦਸੰਬਰ (ਪੰਜਾਬ ਮੇਲ)- ਓਹਾਇਓ ਦੇ ਰਿਪਬਲੀਕਨ ਸੈਨੇਟਰ ਬਰਨੀ ਮੋਰੇਨੋ ਨੇ ਅਮਰੀਕੀਆਂ ਲਈ ਦੋਹਰੀ ਨਾਗਰਿਕਤਾਂ ਨੂੰ ਖਤਮ ਕਰਨ ਲਈ ਇਕ ਬਿੱਲ ਪੇਸ਼ ਕੀਤਾ ਹੈ। ਬਿੱਲ ਅਨੁਸਾਰ ”2025 ਦਾ ਵਿਸ਼ੇਸ਼ ਨਾਗਰਿਕਤਾ ਐਕਟ” ਇਹ ਸਥਾਪਿਤ ਕਰੇਗਾ ਕਿ ਹੁਣ ਜੇ ਕਿਸੇ ਕੋਲ ਅਮਰੀਕਾ ਦੀ ਨਾਗਰਿਕਤਾ ਹੈ, ਤਾਂ ਉਹ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਨਹੀਂ ਰੱਖ ਸਕਦਾ। ਹਰ ਨਾਗਰਿਕ ਨੂੰ ਅਮਰੀਕਾ ਪ੍ਰਤੀ ਹੀ ਵਫਾਦਾਰੀ ਰੱਖਣੀ ਪਵੇਗੀ।
ਇਹ ਕਾਨੂੰਨ ਬੜਾ ਮਾਇਨੇ ਰੱਖਦਾ ਹੈ। ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ, ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਕੋਈ ਵੀ ਵਿਅਕਤੀ ਅਮਰੀਕੀ ਨਾਗਰਿਕ ਨਹੀਂ ਹੋ ਸਕਦਾ, ਜੇਕਰ ਉਹ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਨਹੀਂ ਛੱਡੇਗਾ। ਇੱਥੇ ਇਹ ਵੀ ਕਹਿਣਾ ਬਣਦਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਕਿੰਨੇ ਅਮਰੀਕੀ ਪ੍ਰਭਾਵਿਤ ਹੋ ਸਕਦੇ ਹਨ। ਕਿਉਂਕਿ ਅਮਰੀਕੀ ਕਾਨੂੰਨ ਲੋਕਾਂ ਨੂੰ ਦੋਹਰੀ ਨਾਗਰਿਕਤਾ ਦਾ ਐਲਾਨ ਕਰਨ ਜਾਂ ਰਜਿਸਟਰਡ ਕਰਨ ਦੀ ਲੋੜ ਨਹੀਂ ਰੱਖਦਾ ਅਤੇ ਨਾ ਹੀ ਸਰਕਾਰ ਇਸ ਬਾਰੇ ਕੋਈ ਰਜਿਸਟਰੀ ਰੱਖਦੀ ਹੈ।
ਮਾਹਿਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਦੋਹਰੀ ਨਾਗਰਿਕਤਾ ਦੀ ਗਿਣਤੀ 5 ਲੱਖ ਤੋਂ 57 ਲੱਖ ਤੱਕ ਹੋ ਸਕਦੀ ਹੈ।
ਬਿੱਲ ਅਨੁਸਾਰ ਰਾਸ਼ਟਰੀ ਨਾਗਰਿਕਤਾ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਸੰਯੁਕਤ ਰਾਜ ਅਮਰੀਕਾ ਪ੍ਰਤੀ ਵਫਾਦਾਰੀ ਅਣਵੰਡੀ ਹੋਣੀ ਚਾਹੀਦੀ ਹੈ। ਇਹ ਬਿੱਲ ਦੋਹਰੀ ਜਾਂ ਬਹੁ ਨਾਗਰਿਕਤਾ ‘ਤੇ ਪਾਬੰਦੀ ਲਗਾਏਗਾ ਅਤੇ ਸਥਾਪਿਤ ਕਰੇਗਾ ਕਿ ਕੋਈ ਵਿਅਕਤੀ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਹੋ ਸਕਦਾ ਹੈ ਜਾਂ ਨਹੀਂ, ਜਦੋਂਕਿ ਉਹ ਇੱਕੋ ਸਮੇਂ ਕੋਈ ਹੋਰ ਵਿਦੇਸ਼ੀ ਨਾਗਰਿਕਤਾ ਰੱਖਦਾ ਹੋਵੇ।
ਇਸ ਬਿੱਲ ਰਾਹੀਂ ਇਹ ਕਿਹਾ ਗਿਆ ਹੈ ਕਿ ਬਿੱਲ ਦੇ ਲਾਗੂ ਹੋਣ ਤੋਂ 1 ਸਾਲ ਦੇ ਅੰਦਰ ਅਮਰੀਕੀ ਨਾਗਰਿਕ ਜੋ ਵਿਦੇਸ਼ੀ ਨਾਗਰਿਕਤਾ ਵੀ ਰੱਖਦੇ ਹਨ, ਉਨ੍ਹਾਂ ਨੂੰ ਵਿਦੇਸ਼ ਮੰਤਰੀ ਜਾਂ ਘਰੇਲੂ ਸੁਰੱਖਿਆ ਸਕੱਤਰ ਨੂੰ ਆਪਣੀ ਵਿਦੇਸ਼ੀ ਨਾਗਰਿਕਤਾ ਦਾ ਲਿਖਤੀ ਤਿਆਗ ਜਮ੍ਹਾ ਕਰਵਾਉਣਾ ਪਵੇਗਾ।
ਜਿਹੜੇ ਲੋਕ ਇਸ ਨੂੰ ਸਮੇਂ ਸਿਰ ਪਾਲਨਾ ਕਰਨ ਵਿਚ ਅਸਫਲ ਰਹਿਣਗੇ, ਉਨ੍ਹਾਂ ਨੂੰ ਸਵੈ-ਇੱਛਾ ਨਾਲ ਸੰਯੁਕਤ ਰਾਜ ਅਮਰੀਕਾ ਦੀ ਨਾਗਰਿਕਤਾ ਤਿਆਗਣੀ ਪੈ ਸਕਦੀ ਹੈ। ਕੋਈ ਵੀ ਅਮਰੀਕੀ ਨਾਗਰਿਕ ਜੋ ਕਾਨੂੰਨ ਲਾਗੂ ਹੋਣ ਤੋਂ ਬਾਅਦ ਸਵੈ-ਇੱਛਾ ਨਾਲ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰਦਾ ਹੈ, ਉਸ ਦੀ ਸੰਯੁਕਤ ਰਾਜ ਅਮਰੀਕਾ ਦੀ ਨਾਗਰਿਕਤਾ ਖਤਮ ਕਰ ਦਿੱਤੀ ਜਾਵੇਗੀ।
ਇਸ ਬਿੱਲ ਵਿਚ ਵਿਦੇਸ਼ ਮੰਤਰੀ ਨੂੰ ਵਿਸ਼ੇਸ਼ ਨਾਗਰਿਕਤਾ ਲਈ ਘੋਸ਼ਣਾ, ਤਸਦੀਕ ਅਤੇ ਰਿਕਾਰਡ ਰੱਖਣ ਲਈ ਨਿਯਮ ਅਤੇ ਅਟਾਰਨੀ ਜਨਰਲ ਅਤੇ ਹੋਮਲੈਂਡ ਸਕਿਓਰਿਟੀ ਦੇ ਸਕੱਤਰ ਨਾਲ ਤਾਲਮੇਲ ਕਰਨ ਦੀ ਲੋੜ ਹੋਵੇਗੀ।
ਇਥੇ ਇਹ ਕਹਿਣਾ ਬਣਦਾ ਹੈ ਕਿ ਇਹ ਬਿੱਲ ਪੇਸ਼ ਕਰਨ ਵਾਲੇ ਬਰਨੀ ਮੋਰੇਨੋ ਨੇ 2024 ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਤੋਂ ਬਾਅਦ ਆਪਣੀ ਸੈਨੇਟ ਸੀਟ ਜਿੱਤੀ ਸੀ। ਉਹ ਖੁਦ ਕੋਲੰਬੀਆ ਵਿਚ ਪੈਦਾ ਹੋਇਆ ਸੀ ਅਤੇ ਉਸ ਨੇ ਕੋਲੰਬੀਆ ਦੀ ਨਾਗਰਿਕਤਾ ਤਿਆਗ ਦਿੱਤੀ ਹੈ।
ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ, ਤਾਂ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮਿਲਾਨੀਆ ਟਰੰਪ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਕਿਉਂਕਿ ਉਸ ਕੋਲ ਅਮਰੀਕਾ ਤੋਂ ਇਲਾਵਾ ਸਲੋਵੇਨੀਆ ਦੀ ਦੋਹਰੀ ਨਾਗਰਿਕਤਾ ਵੀ ਬਣੀ ਹੋਈ ਹੈ।
ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਮੋਰੇਨੋ ਦੇ ਇਸ ਬਿੱਲ ਨੂੰ ਕਿੰਨਾ ਸਮਰਥਨ ਪ੍ਰਾਪਤ ਹੁੰਦਾ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਇਸ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਯੂ.ਐੱਸ. ਸੁਪਰੀਮ ਕੋਰਟ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਹੈ ਕਿ ਦੋਹਰੀ ਨਾਗਰਿਕਤਾ ਕਾਨੂੰਨ ਵਿਚ ਲੰਮੇ ਸਮੇਂ ਤੋਂ ਮਾਨਤਾ ਪ੍ਰਾਪਤ ਸਥਿਤੀ ਹੈ ਅਤੇ ਇੱਕ ਅਮਰੀਕੀ ਨਾਗਰਿਕ ਆਪਣੀ ਨਾਗਰਿਕਤਾ ਨਹੀਂ ਗੁਆ ਸਕਦਾ, ਜਦੋਂ ਤੱਕ ਉਹ ਇਸ ਨੂੰ ਆਪਣੀ ਮਰਜ਼ੀ ਨਾਲ ਨਹੀਂ ਛੱਡਦੇ।