ਦੀਰ ਅਲ-ਬਲਾਹ, 2 ਦਸੰਬਰ (ਪੰਜਾਬ ਮੇਲ)-ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਈਲ-ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਫ਼ਲਸਤੀਨੀਆਂ ਦੀਆਂ ਮੌਤਾਂ ਦਾ ਅੰਕੜਾ 70,000 ਤੋਂ ਟੱਪ ਗਿਆ ਹੈ। ਇਸੇ ਦੌਰਾਨ ਹਸਪਤਾਲ ਨੇ ਕਿਹਾ ਕਿ ਇਜ਼ਰਾਇਲੀ ਗੋਲੀਬਾਰੀ ‘ਚ ਖੇਤਰ ਦੇ ਦੱਖਣੀ ਹਿੱਸੇ ਵਿਚ ਦੋ ਫਲਸਤੀਨੀ ਬੱਚੇ ਮਾਰੇ ਗਏ ਹਨ।
ਇਹ ਜੰਗ 7 ਅਕਤੂਬਰ 2023 ਨੂੰ ਹਮਾਸ ਵੱਲੋਂ ਦੱਖਣੀ ਇਜ਼ਰਾਈਲ ‘ਤੇ ਕੀਤੇ ਹਮਲੇ, ਜਿਸ ਵਿਚ ਲਗਪਗ 1,200 ਲੋਕ ਮਾਰੇ ਗਏ ਸਨ ਅਤੇ ਅੱਤਵਾਦੀਆਂ ਨੇ 250 ਤੋਂ ਵੱਧ ਲੋਕਾਂ ਨੂੰ ਬੰਦੀ ਲਿਆ ਸੀ, ਮਗਰੋਂ ਸ਼ੁਰੂ ਹੋਈ ਸੀ। ਇਸ ਸਾਲ 10 ਅਕਤੂਬਰ ਨੂੰ ਨਵੀਂ ਜੰਗਬੰਦੀ ਲਾਗੂ ਹੋਣ ਮਗਰੋਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਜੰਗਬੰਦੀ ਦੀ ਉਲੰਘਣਾ ਦੇ ਜਵਾਬ ਇਜ਼ਰਾਈਲ ਹਾਲੇ ਵੀ ਹਮਲੇ ਕਰ ਰਿਹਾ ਹੈ ਅਤੇ ਜੰਗ ਦੇ ਸ਼ੁਰੂਆਤੀ ਦਿਨਾਂ ਦੌਰਾਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਮਲਬੇ ‘ਚੋਂ ਬਰਾਮਦ ਕੀਤੀਆਂ ਜਾ ਰਹੀਆਂ ਹਨ। ਹਮਾਸ ਦੀ ਸਰਕਾਰ ਅਧੀਨ ਕੰਮ ਕਰਦੇ ਸਿਹਤ ਮੰਤਰਾਲੇ ਮੁਤਾਬਕ ਫਲਸਤੀਨੀਆਂ ਦੀਆਂ ਮੌਤਾਂ ਦੀ ਗਿਣਤੀ ਹੁਣ 70,100 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ‘ਚ ਪੇਸ਼ੇਵਰ ਮੈਡੀਕਲ ਸਟਾਫ ਕੰਮ ਕਰਦਾ ਹੈ ਤੇ ਤਫ਼ਸੀਲ ‘ਚ ਰਿਕਾਰਡ ਰੱਖਦਾ ਹੈ, ਜਿਸ ਨੂੰ ਕੌਮਾਂਤਰੀ ਭਾਈਚਾਰਾ ਭਰੋਸੇਯੋਗ ਮੰਨਦਾ ਹੈ।
ਇਜ਼ਰਾਈਲ-ਹਮਾਸ ਜੰਗ ‘ਚ 70,000 ਤੋਂ ਵੱਧ ਫ਼ਲਸਤੀਨੀ ਮਾਰੇ ਗਏ

