#CANADA

ਕੈਨੇਡਾ ਸਰਕਾਰ ਵੱਲੋਂ 2026-2028 ਲਈ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ

– ਨਵੇਂ ਬਦਲਾਵਾਂ ਕਾਰਨ ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ‘ਚ ਐਂਟਰੀ ਹੋਵੇਗੀ ਮੁਸ਼ਕਲ
– 2026 ‘ਚ ਸਿਰਫ਼ 1.55 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਦਿੱਤਾ ਜਾਵੇਗਾ ਸਟੱਡੀ ਪਰਮਿਟ
ਟੋਰਾਂਟੋ, 1 ਦਸੰਬਰ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ 2026-2028 ਲਈ ਆਪਣੇ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਵਿਆਪਕ ਅਸਰ ਉਨ੍ਹਾਂ ਪੰਜਾਬੀ ਭਾਈਚਾਰੇ ਦੇ ਲੋਕਾਂ ‘ਤੇ ਪਵੇਗਾ, ਜਿਨ੍ਹਾਂ ਦੀ ਕੈਨੇਡਾ ਪਹਿਲੀ ਪਸੰਦ ਹੈ। ਇਨ੍ਹਾਂ ਨਵੇਂ ਬਦਲਾਵਾਂ ਕਾਰਨ ਅਗਲੇ ਸਾਲਾਂ ਵਿਚ ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਵਿਚ ਐਂਟਰੀ ਲੈਣੀ ਬਹੁਤ ਮੁਸ਼ਕਲ ਹੋ ਜਾਵੇਗੀ।
ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲ ਪਲਾਨ ਤਹਿਤ, ਹੁਣ ਘੱਟੋ-ਘੱਟ ਗਿਣਤੀ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ‘ਚ ਦਾਖਲਾ ਮਿਲੇਗਾ। 2026 ‘ਚ ਸਿਰਫ਼ 1.55 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਦਿੱਤਾ ਜਾਵੇਗਾ। ਇਸ ਗੱਲ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਸੰਖਿਆ ਹੋਰ ਵੀ ਘੱਟ ਕੀਤੀ ਜਾ ਸਕਦੀ ਹੈ। ਇਸ ਨਾਲ ਐਡਮਿਸ਼ਨਾਂ ਲਈ ਕਾਫੀ ਜ਼ਿਆਦਾ ਮੁਕਾਬਲਾ (ਕੰਪੀਟੀਸ਼ਨ) ਹੋਣ ਵਾਲਾ ਹੈ ਤੇ ਹਰ ਕਿਸੇ ਨੂੰ ਸਟੱਡੀ ਪਰਮਿਟ ਮਿਲਣਾ ਆਸਾਨ ਨਹੀਂ ਹੋਵੇਗਾ।
ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (ਪੀ.ਜੀ.ਡਬਲਯੂ.ਪੀ.) ਸਬੰਧੀ ਵੀ ਵੱਡੇ ਬਦਲਾਅ ਕੀਤੇ ਗਏ ਹਨ। ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਜੂਨ ਵਿਚ ਪੀ.ਜੀ.ਡਬਲਯੂ.ਪੀ. ਲਈ ਯੋਗ ਕੋਰਸਾਂ ਵਿਚ ਤਬਦੀਲੀ ਕੀਤੀ ਸੀ। ਹਾਲਾਂਕਿ ਜੁਲਾਈ ‘ਚ ਇਨ੍ਹਾਂ ਤਬਦੀਲੀਆਂ ਨੂੰ ਰੋਕ ਦਿੱਤਾ ਗਿਆ ਸੀ, ਪਰ ਹੁਣ ਇਹ ਐਲਾਨ ਹੋਇਆ ਹੈ ਕਿ ਕੋਰਸਾਂ ਨੂੰ ਹਟਾਉਣ ਦਾ ਪ੍ਰਭਾਵ ਜੁਲਾਈ 2026 ਤੋਂ ਹੋਵੇਗਾ। ਇਸ ਨਵੇਂ ਨਿਯਮ ਤਹਿਤ, ਸਿਰਫ਼ 178 ਕੋਰਸ ਹੀ ਅਜਿਹੇ ਹੋਣਗੇ, ਜਿਨ੍ਹਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦਿੱਤਾ ਜਾਵੇਗਾ। ਇਹ ਨਿਯਮ ਵੀ 2026 ਤੋਂ ਲਾਗੂ ਹੋ ਜਾਣਗੇ।
ਨਵੇਂ ਇਮੀਗ੍ਰੇਸ਼ਨ ਪਲਾਨ ਤਹਿਤ ਸਥਾਈ ਰਿਹਾਇਸ਼ (ਪੀ.ਆਰ.) ਦੇਣ ਦੀ ਪ੍ਰਕਿਰਿਆ ਨੂੰ ਵੀ ਬਦਲਿਆ ਜਾ ਰਿਹਾ ਹੈ। ਸਰਕਾਰ ਅਗਲੇ ਦੋ ਸਾਲਾਂ ਵਿਚ ਅਲੱਗ-ਅਲੱਗ ਜੌਬ ਸੈਕਟਰ ਨਾਲ ਜੁੜੇ ਲੋਕਾਂ ਲਈ ਪੀ.ਆਰ. ਪ੍ਰੋਗਰਾਮ ਚਲਾਉਣ ਵਾਲੀ ਹੈ। 2026 ਤੇ 2027 ‘ਚ, ਦੇਸ਼ ਵਿਚ ਕੰਮ ਕਰ ਰਹੇ ਕੁੱਲ 33,000 ਵਿਦੇਸ਼ੀ ਵਰਕਰਾਂ ਨੂੰ ਪੀ.ਆਰ. ਦਿੱਤੀ ਜਾਵੇਗੀ। ਇਹ ਪੀ.ਆਰ. ਉਨ੍ਹਾਂ ਲੋਕਾਂ ਨੂੰ ਮਿਲੇਗੀ, ਜਿਨ੍ਹਾਂ ਕੋਲ ਵਰਕ ਪਰਮਿਟ ਹੈ ਤੇ ਉਹ ਕਿਸੇ ਖਾਸ ਮੰਗ ਵਾਲੀ ਨੌਕਰੀ ਕਰ ਰਹੇ ਹਨ। ਹਾਲਾਂਕਿ, ਇਸਦੇ ਲਈ ਚੋਣ ਪ੍ਰਕਿਰਿਆ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਅਸਥਾਈ ਵਰਕ ਪਰਮਿਟਾਂ ਵਿਚ ਵੀ ਕਟੌਤੀ ਕੀਤੀ ਜਾਵੇਗੀ। 2026 ਵਿਚ ਸਿਰਫ਼ 60,000 ਲੋਕਾਂ ਨੂੰ ਹੀ ਵਰਕ ਪਰਮਿਟ ਮਿਲੇਗਾ। ਵਰਕ ਪਰਮਿਟ ਨਾਲ ਜੁੜੀਆਂ ਸ਼ਰਤਾਂ ਨੂੰ ਕੁੱਲ ਮਿਲਾ ਕੇ ਹੋਰ ਵੀ ਸਖਤ ਕੀਤਾ ਜਾਵੇਗਾ।
ਨਵੇਂ ਪੀ.ਆਰ. ਪ੍ਰੋਗਰਾਮਾਂ ਵਿਚ ਕੰਸਟ੍ਰਕਸ਼ਨ ਵਰਕਰਾਂ ਨੂੰ ਪੀ.ਆਰ. ਦੇਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਖੇਤੀ ਅਤੇ ਮੱਛੀ ਉਦਯੋਗ ਵਿਚ ਕੰਮ ਕਰਨ ਲਈ ਵੀ ਅਲੱਗ ਵਰਕ ਪਰਮਿਟ ਬਣਾਉਣਾ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 2024 ਵਿਚ, ਪੀ.ਆਰ. ਦਾ ਸਟੇਟਸ ਹਾਸਲ ਕਰਨ ਵਾਲੇ ਲੋਕਾਂ ਵਿਚੋਂ 64 ਫੀਸਦੀ ਉਹ ਸਨ, ਜਿਨ੍ਹਾਂ ਕੋਲ ਕੈਨੇਡਾ ਵਿਚ ਪਹਿਲਾਂ ਹੀ ਕੰਮ ਕਰਨ ਦਾ ਤਜ਼ਰਬਾ ਸੀ।