#PUNJAB

ਹਾਈਕੋਰਟ ਵੱਲੋਂ ‘ਆਪ’ ਦੇ 12 ਆਗੂਆਂ ‘ਤੇ ਹੋਈਆਂ ਐੱਫ.ਆਈ.ਆਰਜ਼ ਕੀਤੀਆਂ ਰੱਦ!

ਚੰਡੀਗੜ੍ਹ, 1 ਦਸੰਬਰ (ਪੰਜਾਬ ਮੇਲ)- ਪੰਜਾਬ ਹਰਿਆਣਾ ਹਾਈਕੋਰਟ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਰਪਾਲ ਚੀਮਾ, ਪੰਜਾਬ ਆਪ ਪ੍ਰਧਾਨ ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਬਲਜਿੰਦਰ ਕੌਰ, ਜੈ ਸਿੰਘ ਰੋੜੀ ਅਤੇ ਆਮ ਪਾਰਟੀ ਦੇ ਲਗਭਗ ਕਈ ਹੋਰ ਆਗੂਆਂ ਵੱਡੀ ਰਾਹਤ ਮਿਲੀ ਹੈ।
ਹਾਈ ਕੋਰਟ ਨੇ 2020 ਅਤੇ 2021 ‘ਚ ਚੰਡੀਗੜ੍ਹ ਵਿਚ ਇਨ੍ਹਾਂ ਆਗੂਆਂ ਖਿਲਾਫ਼ ਪੰਜਾਬ ਵਿਚ ਬਿਜਲੀ ਦਰਾਂ ਵਿਚ ਵਾਧੇ ਵਿਰੁੱਧ ਪ੍ਰਦਰਸ਼ਨਾਂ ਲਈ ਅਤੇ ਫਿਰ ਲਖੀਮਪੁਰ ਖੇੜੀ ਘਟਨਾ ਦੌਰਾਨ ਵਿਰੋਧ ਪ੍ਰਦਰਸ਼ਨਾਂ ਲਈ ਦਾਇਰ ਦੋਵੇਂ ਐੱਫ.ਆਈ.ਆਰਜ਼ ਨੂੰ ਰੱਦ ਕਰ ਦਿੱਤਾ ਹੈ।
ਮੁੱਖ ਮੰਤਰੀ ਮਾਨ ਸਮੇਤ ਸਾਰੇ ਪਾਰਟੀ ਲੀਡਰਾਂ ਵੱਲੋਂ ਹਾਈ ਕੋਰਟ ਨੂੰ ਦੋਵੇਂ ਐੱਫ.ਆਈ.ਆਰਜ਼ ਰੱਦ ਕਰਨ ਦੀ ਬੇਨਤੀ ਕੀਤੀ ਸੀ, ਜਿਸ ‘ਤੇ ਹੁਣ ਫਿਰ ਹਾਈ ਕੋਰਟ ਨੇ ਦਰਜ ਐੱਫ.ਆਈ.ਆਰਜ਼ ‘ਤੇ ਉਨ੍ਹਾਂ ਵਿਰੁੱਧ ਕਿਸੇ ਵੀ ਹੋਰ ਕਾਰਵਾਈ ‘ਤੇ ਰੋਕ ਲਗਾ ਦਿੱਤੀ ਸੀ।
ਹਾਈ ਕੋਰਟ ਨੇ ਉਨ੍ਹਾਂ ਦੀਆਂ ਪਟੀਸ਼ਨਾਂ ‘ਤੇ ਆਪਣਾ ਫੈਸਲਾ ਸੁਣਾਇਆ, ਉਨ੍ਹਾਂ ਵਿਰੁੱਧ ਦਰਜ ਦੋਵੇਂ ਐੱਫ.ਆਈ.ਆਰਜ਼ ਨੂੰ ਰੱਦ ਕਰਕੇ ਉਨ੍ਹਾਂ ਨੂੰ ਮਹੱਤਵਪੂਰਨ ਰਾਹਤ ਦਿੱਤੀ।
ਜ਼ਿਕਰਯੋਗ ਹੈ ਕਿ ਅਕਤੂਬਰ 2021 ‘ਚ ਕੀਤੇ ਗਏ ਧਰਨੇ ਨੂੰ ਲੈ ਕੇ ਅਮਨ ਅਰੋੜਾ, ਜਰਨੈਲ ਸਿੰਘ, ਜੈ ਕ੍ਰਿਸ਼ਨ ਰੋੜੀ, ਅਨਮੋਲ ਗਗਨ ਮਾਨ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰੀ ਵਿਰੁੱਧ ਦਰਜ ਐੱਫ.ਆਈ.ਆਰ. ਵੀ ਰੱਦ ਕਰ ਦਿੱਤੀ ਗਈ ਹੈ।