-2036 ਉਲੰਪਿਕ ਦਾਅਵੇਦਾਰੀ ਹੋਵੇਗੀ ਮਜ਼ਬੂਤ
ਨਵੀਂ ਦਿੱਲੀ, 27 ਨਵੰਬਰ (ਪੰਜਾਬ ਮੇਲ)-ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ ਹਨ। ਬੁੱਧਵਾਰ ਨੂੰ ਸਕਾਟਲੈਂਡ ਦੇ ਗਲਾਸਗੋ ‘ਚ ਰਾਸ਼ਟਰਮੰਡਲ ਖੇਡ ਕਾਰਜਕਾਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਅਹਿਮਦਾਬਾਦ ਨੂੰ ਮੇਜ਼ਬਾਨ ਸ਼ਹਿਰ ਐਲਾਨ ਦਿੱਤਾ ਗਿਆ ਹੈ। ਰਾਸ਼ਟਰਮੰਡਲ ਖੇਡ ਦੀ ਆਮ ਸਭਾ ਦੌਰਾਨ ਭਾਰਤੀ ਸ਼ਹਿਰ ਅਹਿਮਦਾਬਾਦ ਨੂੰ ਰਸਮੀ ਤੌਰ ‘ਤੇ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ, ਜਿਸ ਨਾਲ ਦੋ ਦਹਾਕਿਆਂ ਬਾਅਦ ਦੇਸ਼ ਵਿਚ ਬਹੁ-ਖੇਡ ਸਮਾਗਮ ਦੀ ਵਾਪਸੀ ਦਾ ਰਾਹ ਪੱਧਰਾ ਹੋਇਆ। ਇਸ ਤੋਂ ਪਹਿਲਾਂ, ਇਹ ਖੇਡਾਂ 2010 ਵਿਚ ਨਵੀਂ ਦਿੱਲੀ ਵਿਚ ਹੋਈਆਂ ਸਨ। ਭਾਰਤੀ ਅਥਲੀਟਾਂ ਨੇ 38 ਸੋਨ ਤਗਮਿਆਂ ਸਮੇਤ 101 ਤਗਮੇ ਜਿੱਤੇ ਸਨ। 20 ਸਾਲਾਂ ਬਾਅਦ ਭਾਰਤ ਵਿਚ ਇਕ ਬਹੁ-ਖੇਡ ਸਮਾਗਮ ਕਰਵਾਇਆ ਜਾਵੇਗਾ।
ਰਾਸ਼ਟਰਮੰਡਲ ਖੇਡਾਂ ਤੋਂ ਇਲਾਵਾ, ਭਾਰਤ ਨੇ 1951 ਅਤੇ 1982 ਦੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਵੀ ਕੀਤੀ ਹੈ। 2003 ‘ਚ ਹੈਦਰਾਬਾਦ ਵਿਚ ਅਫਰੋ-ਏਸ਼ੀਅਨ ਕੱਪ ਵੀ ਕਰਵਾਇਆ ਗਿਆ ਸੀ। 2030 ਦੀਆਂ ਰਾਸ਼ਟਰਮੰਡਲ ਖੇਡਾਂ ਦਾ ਇਨਾਮ ਮਿਲਣ ਨਾਲ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਮਜ਼ਬੂਤ ਹੋਵੇਗੀ। ਭਾਰਤ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਵੀ ਤਿਆਰੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਇਸਦਾ ਐਲਾਨ ਕੀਤਾ ਸੀ। ਪਿਛਲੇ ਸਾਲ ਨਵੰਬਰ ਵਿਚ, ਭਾਰਤ ਨੇ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਸੀ।
ਭਾਰਤ ਨੂੰ ਰਾਸ਼ਟਰਮੰਡਲ ਖੇਡਾਂ 2030 ਦੀ ਮਿਲੀ ਮੇਜ਼ਬਾਨੀ

