#PUNJAB

ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਲੰਬੀ ਛੁੱਟੀ ‘ਤੇ ਭੇਜਿਆ ਗਿਆ!

ਅੰਮ੍ਰਿਤਸਰ, 21 ਨਵੰਬਰ (ਪੰਜਾਬ ਮੇਲ)- ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਡਿਊਟੀ ਤੋਂ ਲਾਂਬੇ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗਿਆਨੀ ਰਘਬੀਰ ਸਿੰਘ ਨੂੰ ਕਈ ਮਹੀਨਿਆਂ ਦੀ ਲੰਮੀ ਛੁੱਟੀ ‘ਤੇ ਭੇਜਿਆ ਗਿਆ ਹੈ। ਗਿਆਨੀ ਰਘਬੀਰ ਸਿੰਘ ਦੀ ਥਾਂ ਗਿਆਨੀ ਅਮਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ‘ਤੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਉਣਗੇ। 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਲੰਮੀ ਛੁੱਟੀ ‘ਤੇ ਜਾਣਾ ਪੰਥਕ ਹਲਕਿਆਂ ਵਿਚ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਸੂਤਰਾਂ ਅਨੁਸਾਰ ਉਨ੍ਹਾਂ ਨੂੰ ਜਬਰੀ ਲੰਬੀ ਛੁੱਟੀ ‘ਤੇ ਭੇਜਿਆ ਗਿਆ ਹੈ। 27 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਿਚ ਗਿਆਨੀ ਰਘਬੀਰ ਸਿੰਘ ਬਾਰੇ ਵੱਡਾ ਫੈਸਲਾ ਆ ਸਕਦਾ ਹੈ। ਜਿਸ ਵਿਚ ਉਨ੍ਹਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਹਨ। ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜਥੇਦਾਰ ਰਹਿੰਦਿਆਂ 2 ਦਸੰਬਰ ਵਾਲੇ ਸੁਣਾਏ ਫੈਸਲੇ ਤੋਂ ਬਾਅਦ ਕਾਫੀ ਚਰਚਾ ਵਿਚ ਆਏ ਸਨ। ਗਿਆਨੀ ਰਘਬੀਰ ਕਈ ਵਾਰ ਮੀਡੀਆ ਅੱਗੇ ਇਹ ਵੀ ਕਹਿੰਦੇ ਨਜ਼ਰ ਆਏ ਕਿ ਮੇਰਾ ਬੈਗ ਤਿਆਰ ਹੈ। ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਜ਼ੀਰਾਂ ਨੂੰ ਫਸੀਲ ਤੋਂ ਹੁਕਮ ਸੁਣਾਏ ਜਾਣ ਮਗਰੋਂ ਲਗਾਤਾਰ ਉਨ੍ਹਾਂ ਦੀ ਸੇਵਾਵਾਂ ਖਤਮ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਮਾਰਚ 2025 ਵਿਚ, ਸ਼੍ਰੋਮਣੀ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਉਨ੍ਹਾਂ ਦੀ ਜਗ੍ਹਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਹ ਕਦਮ ਧਾਰਮਿਕ ਮਰਿਆਦਾ ਬਣਾਈ ਰੱਖਣ ਤੇ ਸੰਗਠਨਾਤਮਕ ਸਮੀਖਿਆ ਦੇ ਅਨੁਸਾਰ ਚੁੱਕਿਆ ਗਿਆ ਸੀ। ਹਾਲਾਂਕਿ, ਰਾਜਨੀਤਿਕ ਅਤੇ ਧਾਰਮਿਕ ਸਮੂਹਾਂ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ, ਇਸਨੂੰ ਸੰਗਤ ਦੀਆਂ ਭਾਵਨਾਵਾਂ ਦੇ ਵਿਰੁੱਧ ਅਤੇ ਰਾਜਨੀਤਿਕ ਦਬਾਅ ਤੋਂ ਪ੍ਰੇਰਿਤ ਦੱਸਿਆ। ਇਸ ਵਿਵਾਦ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਕਾਫ਼ੀ ਚਰਚਾ ਪੈਦਾ ਕੀਤੀ ਹੈ। ਧਾਰਮਿਕ ਸੰਗਠਨਾਂ ਅਤੇ ਸ਼੍ਰੋਮਣੀ ਕਮੇਟੀ ਵਿਚਕਾਰ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਅਤੇ ਲੀਡਰਸ਼ਿਪ ਦੇ ਭਵਿੱਖ ਬਾਰੇ ਅਨਿਸ਼ਚਿਤਤਾ ਵਧ ਗਈ ਹੈ।
ਇਸ ਸਬੰਧੀ ਜਦੋਂ ਗਿਆਨੀ ਰਘਬੀਰ ਸਿੰਘ ਨਾਲ ਫੋਨ ‘ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਨਹੀਂ ਮਿਲਿਆ ਪਰ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਸਿੰਘ ਸਾਹਿਬ ਨੂੰ ਟਾਈਫਾਈਡ ਹੋਇਆ ਹੈ ਜਿਸ ਵਾਸਤੇ ਡਾਕਟਰਾਂ ਨੇ ਬੈਡ ਰੈਸਟ ਦੱਸੀ ਹੈ। ਇਸ ਵਾਸਤੇ ਚਾਰ, ਪੰਜ ਦਿਨ ਦੀ ਛੁੱਟੀ ਲਈ ਹੈ। ਬਾਕੀ ਕੰਮ ਉਸੇ ਤਰ੍ਹਾਂ ਚੱਲਣਗੇ।