#AMERICA

ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ਤੋਂ ਡਿਪੋਰਟ

ਨਵੀਂ ਦਿੱਲੀ, 19 ਨਵੰਬਰ (ਪੰਜਾਬ ਮੇਲ)- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਅਮਰੀਕਾ ਨੇ ਉਸਨੂੰ ਡਿਪੋਰਟ ਕਰ ਦਿੱਤਾ ਹੈ। ਇਹ ਕਾਰਵਾਈ 18 ਨਵੰਬਰ 2025 ਨੂੰ ਕੀਤੀ ਗਈ ਹੈ। ਅਨਮੋਲ ਨੂੰ ਭਾਰਤ ਭੇਜਣ ਦਾ ਕਦਮ ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (ਡੀ.ਐੱਚ.ਐੱਸ.) ਵੱਲੋਂ ਚੁੱਕਿਆ ਗਿਆ ਕਿਉਂਕਿ ਅਮਰੀਕਾ ਵਿਚ ਉਸਦੀ ਅਸਾਇਲਮ ਦੀ ਅਰਜ਼ੀ ਖਾਰਜ ਹੋ ਗਈ ਸੀ। ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਨਮੋਲ ਬਿਸ਼ਨੋਈ ਨੂੰ ਡਿਪੋਰਟ ਕਰਨ ਤੋਂ ਬਾਅਦ ਅਮਰੀਕਾ ਵੱਲੋਂ ਬਾਬਾ ਸਿੱਦਿਕੀ ਦੇ ਪੁੱਤਰ ਜੀਸ਼ਾਨ ਨੂੰ ਇਕ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ। ਉਥੇ ਹੀ ਖਬਰਾਂ ਇਹ ਵੀ ਹਨ ਕਿ ਐੱਨ.ਆਈ.ਏ. ਨੇ ਵੀ ਅਨਮੋਲ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਲਈ ਹੈ। ਬਿਸ਼ਨੋਈ ਜਲਦੀ ਹੀ ਭਾਰਤ ਪਹੁੰਚ ਸਕਦਾ ਹੈ।
ਇਸ ਡਿਪੋਰਟੇਸ਼ਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਲਈ ਇੱਕ ਬੁਰੀ ਖ਼ਬਰ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਲਾਰੈਂਸ ਬਿਸ਼ਨੋਈ ਦਾ ‘ਪਾਵਰ ਸੈਂਟਰ’ ਖ਼ਤਮ ਹੋ ਗਿਆ ਹੈ।
ਅਨਮੋਲ ਬਿਸ਼ਨੋਈ ਭਾਰਤ ਵਿਚ ਕਈ ਗੰਭੀਰ ਅਤੇ ਹਿੰਸਕ ਅਪਰਾਧਾਂ ਦੇ ਸਬੰਧ ‘ਚ ਲੋੜੀਂਦਾ ਹੈ, ਜਿਨ੍ਹਾਂ ਵਿਚ ਸਿੱਧੂ ਮੂਸੇਵਾਲਾ ਕਤਲ ਕੇਸ,  ਬਾਬਾ ਸਿੱਦੀਕੀ ਕਤਲ ਕੇਸ ਅਤੇ ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਮਾਮਲਾ ਸ਼ਾਮਲ ਹੈ।
ਅਨਮੋਲ ਬਿਸ਼ਨੋਈ ਭਾਰਤ ਵਿਚ ਕੁੱਲ 18 ਮਾਮਲਿਆਂ ਵਿਚ ਵਾਂਟੇਡ ਹੈ। ਪਿਛਲੇ ਸਾਲ ਨਵੰਬਰ ਵਿਚ ਉਸਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ, ਹਾਲਾਂਕਿ ਇਹ ਗ੍ਰਿਫ਼ਤਾਰੀ ਅਮਰੀਕਾ ਵਿਚ ਗੈਰ-ਕਾਨੂੰਨੀ ਐਂਟਰੀ ਕਾਰਨ ਹੋਈ ਸੀ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪਿਛਲੇ ਸਾਲ ਅਨਮੋਲ ਨੂੰ ਆਪਣੀ ‘ਮੋਸਟ ਵਾਂਟੇਡ’ ਲਿਸਟ ਵਿਚ ਸ਼ਾਮਲ ਕੀਤਾ ਸੀ। ਉਸਦੀ ਗ੍ਰਿਫ਼ਤਾਰੀ ਲਈ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਮਹਾਰਾਸ਼ਟਰ ਦੀ ਇੱਕ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਗਲੋਬਲ ਲਾਅ ਇਨਫੋਰਸਮੈਂਟ ਏਜੰਸੀ ਇੰਟਰਪੋਲ ਨੇ ਵੀ ਉਸ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ। ਇਸ ਡਿਪੋਰਟੇਸ਼ਨ ਤੋਂ ਬਾਅਦ ਹੁਣ ਐੱਨ.ਆਈ.ਏ. ਅਨਮੋਲ ਬਿਸ਼ਨੋਈ ‘ਤੇ ਸ਼ਿਕੰਜਾ ਕੱਸੇਗੀ।