#CANADA

ਕੈਨੇਡਾ ‘ਚ ਕਬਰਿਸਤਾਨਾਂ ‘ਚੋਂ ਚੋਰੀ ਕਰਨ ਵਾਲਾ ਜੋੜਾ ਗ੍ਰਿਫ਼ਤਾਰ!

-300 ਕਬਰਾਂ ਪੁੱਟ ਕੇ ਲਾਸ਼ਾਂ ਦੇ ਗਹਿਣੇ ਕੀਤੇ ਚੋਰੀ
ਓਨਟਾਰੀਓ, 18 ਨਵੰਬਰ (ਪੰਜਾਬ ਮੇਲ)- ਓਨਟਾਰੀਓ ਪੁਲਿਸ ਨੇ ਇੱਕ ਜੋੜੇ ਨੂੰ ਗ੍ਰਿਫਤਾਰ ਕਰਦਿਆਂ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਵੱਡੀ ਮਾਤਰਾ ਵਿਚ ਕੀਮਤੀ ਗਹਿਣੇ ਬਰਾਮਦ ਕੀਤੇ ਹਨ, ਜੋ ਉਨ੍ਹਾਂ ਨੇ ਟੋਰਾਂਟੋ, ਨਿਆਗਰਾ, ਹਮਿਲਟਨ ਤੇ ਮਾਲਟਨ ਖੇਤਰ ਦੇ ਵਿਚ ਕਬਰਾਂ ਖੋਦ ਕੇ ਲਾਸ਼ਾਂ ਤੋਂ ਲਾਹੇ ਸਨ।
ਹਾਲਟਨ ਦੇ ਪੁਲਿਸ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਜਿਨ੍ਹਾਂ ਦੀ ਪਛਾਣ ਜੌਹਨ ਰਚ (45) ਅਤੇ ਜੌਰਡਨ ਨੋਬਲ (31) ਵਜੋਂ ਕੀਤੀ ਗਈ ਹੈ, ਦੀ ਕੋਈ ਪੱਕੀ ਰਿਹਾਇਸ਼ ਨਹੀਂ (ਬੇਘਰੇ) ਹੈ। ਦੋਵੇਂ ਦਿਨ ਵੇਲੇ ਕਬਰਿਸਤਾਨ ਵਿਚ ਜਾਂਦੇ ਅਤੇ ਕਿਸੇ ਨਵੀਂ ਕਬਰ ਦੇ ਨੇੜੇ ਜਾਕੇ ਆਪਣੇ ਆਪ ਨੂੰ ਮ੍ਰਿਤਕ ਦੇ ਰਿਸ਼ਤੇਦਾਰ ਦੱਸਦਿਆਂ ਸਾਂਭ ਲਈ ਵਿਉਂਤਬੰਦੀ ਬਾਰੇ ਕਹਿਕੇ ਚੌਕੀਦਾਰ ਦਾ ਭਰੋਸਾ ਜਿੱਤ ਲੈਂਦੇ।
ਪ੍ਰਾਪਤ ਜਾਦਕਾਰੀ ਅਨੁਸਾਰ ਚੋਰੀ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਬਾਅਦ ਵਿਚ ਦੋਵੇਂ ਨਾਲ ਲਿਆਂਦੇ ਔਜ਼ਾਰਾਂ ਨਾਲ ਕਬਰ ਦੇ ਸਿਰ ਵਾਲੇ ਪਾਸੇ ਮੋਟਾ ਛੇਕ ਕਰਕੇ ਲਾਸ਼ ਤੱਕ ਪਹੁੰਚ ਬਣਾਉਂਦੇ ਅਤੇ ਉਸ ਦਾ ਕੁਝ ਹਿੱਸਾ ਉੱਪਰ ਖਿੱਚ ਲਿਆਉਂਦੇ। ਇਸ ਉਪਰੰਤ ਉਹ ਮ੍ਰਿਤਕ ਦੇ ਦਫਨਾਉਣ ਮੌਕੇ ਪਾਏ ਗਹਿਣੇ ਉਤਾਰਦੇ ਅਤੇ ਹੱਡੀਆਂ ਵਾਪਸ ਖੱਡ ਵਿਚ ਸੁੱਟ ਕੇ ਕਬਰ ਬੰਦ ਕਰ ਦਿੰਦੇ ਸਨ।
ਪੁਲਿਸ ਬੁਲਾਰੇ ਅਨੁਸਾਰ ਉਨ੍ਹਾਂ ਨੇ ਉਕਤ ਖੇਤਰ ਦੇ ਕਰੀਬ 40 ਕਬਰਿਸਤਾਨਾਂ ‘ਚ ਲਗਪਗ 300 ਕਬਰਾਂ ‘ਚੋਂ ਸਮਾਨ ਚੋਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਨੂੰ ਗ੍ਰਿਫਤਾਰ ਕਰਕੇ ਸਮਾਨ ਬਰਾਮਦ ਕਰ ਲਿਆ ਹੈ ਅਤੇ ਦੋਸ਼ ਆਇਦ ਕੀਤੇ ਗਏ ਹਨ।