#EUROPE

ਰੂਸ-ਯੂਕਰੇਨ ਵਿਚਾਲੇ ਮੁੜ ਸ਼ੁਰੂ ਹੋਵੇਗੇ ਬੰਦੀਆਂ ਦਾ ਆਦਾਨ-ਪ੍ਰਦਾਨ!

ਕੀਵ, 17 ਨਵੰਬਰ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਨੂੰ ਕਿਹਾ ਕਿ ਯੂਕਰੇਨ ਅਤੇ ਰੂਸ ਕੈਦੀਆਂ ਦੇ ਆਦਾਨ-ਪ੍ਰਦਾਨ ਨੂੰ ਮੁੜ ਸ਼ੁਰੂ ਕਰਨ ਲਈ ਕੰਮ ਕਰ ਰਹੇ ਹਨ ਜਿਸ ਨਾਲ 1,200 ਯੂਕਰੇਨੀ ਕੈਦੀਆਂ ਦੀ ਵਾਪਸੀ ਸੰਭਵ ਹੋ ਸਕੇ। ਜ਼ੈਲੇਂਸਕੀ ਦਾ ਇਹ ਬਿਆਨ ਰਾਸ਼ਟਰੀ ਸੁਰੱਖਿਆ ਮੁਖੀ ਵੱਲੋਂ ਗੱਲਬਾਤ ਵਿਚ ਪ੍ਰਗਤੀ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ।
ਉਨ੍ਹਾਂ ਕਿਹਾ, ”ਸਾਨੂੰ ਭਰੋਸਾ ਹੈ ਕਿ ਜੰਗੀ ਕੈਦੀਆਂ ਦੇ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਹੋਵੇਗੀ। ਇਸ ਨੂੰ ਯਕੀਨੀ ਬਣਾਉਣ ਲਈ ਇਸ ਸਮੇਂ ਕਈ ਮੀਟਿੰਗਾਂ, ਗੱਲਬਾਤਾਂ ਅਤੇ ਫ਼ੋਨ ਗੱਲਬਾਤ ਚੱਲ ਰਹੀ ਹੈ।” ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਦੇ ਸਕੱਤਰ ਰੁਸਤਮ ਉਮਰੋਵ ਨੇ ਸ਼ਨੀਵਾਰ ਨੂੰ ਕਿਹਾ ਕਿ ਕੈਦੀਆਂ ਦੇ ਆਦਾਨ-ਪ੍ਰਦਾਨ ਨੂੰ ਮੁੜ ਸ਼ੁਰੂ ਕਰਨ ਲਈ ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ ਨਾਲ ਗੱਲਬਾਤ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਦੋਵੇਂ ਧਿਰਾਂ ਤੁਰਕੀ ਦੀ ਵਿਚੋਲਗੀ ‘ਚ 1,200 ਯੂਕ੍ਰੇਨੀ ਲੋਕਾਂ ਨੂੰ ਰਿਹਾਅ ਕਰਨ ਲਈ ਕੈਦੀਆਂ ਦੇ ਆਦਾਨ-ਪ੍ਰਦਾਨ ਸਮਝੌਤੇ ਦੁਬਾਰਾ ਸ਼ੁਰੂ ਕਰਨ ‘ਤੇ ਸਹਿਮਤ ਹੋਈਆਂ ਹਨ। ਫਿਲਹਾਲ ਰੂਸ ਨੇ ਇਸ ਦਾਅਵੇ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ।