#AMERICA

ਅਮਰੀਕਾ ‘ਚ ਰਿਕਾਰਡ 43 ਦਿਨਾਂ ਤੋਂ ਜਾਰੀ ਸ਼ੱਟਡਾਊਨ ਖ਼ਤਮ; ਟਰੰਪ ਨੇ ਬਿੱਲ ‘ਤੇ ਕੀਤੇ ਦਸਤਖਤ

ਵਾਸ਼ਿੰਗਟਨ, 13 ਨਵੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਸਰਕਾਰੀ ਫੰਡਾਂ ਨਾਲ ਸਬੰਧਤ ਬਿੱਲ ‘ਤੇ ਦਸਤਖ਼ਤ ਕਰ ਦਿੱਤੇ, ਜਿਸ ਨਾਲ ਪਿਛਲੇ ਰਿਕਾਰਡ 43 ਦਿਨਾਂ ਤੋਂ ਜਾਰੀ ਸ਼ੱਟਡਾਊਨ ਦਾ ਭੋਗ ਪੈ ਗਿਆ। ਤਾਲਾਬੰਦੀ ਕਰਕੇ ਸੰਘੀ ਮੁਲਾਜ਼ਮਾਂ ਨੂੰ ਵੱਡਾ ਵਿੱਤੀ ਦਬਾਅ ਝੱਲਣਾ ਪੈ ਰਿਹਾ ਸੀ। ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ, ਵੱਡੀ ਗਿਣਤੀ ਯਾਤਰੀ ਹਵਾਈ ਅੱਡਿਆਂ ‘ਤੇ ਫਸ ਗਏ ਤੇ ਕੁਝ ਖੁਰਾਕੀ ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗ ਗਈਆਂ।
ਬਿੱਲ ‘ਤੇ ਟਰੰਪ ਦੀ ਸਹੀ ਨਾਲ ਵ੍ਹਾਈਟ ਹਾਊਸ ਵਿਚ ਉਨ੍ਹਾਂ ਦੀ ਸਰਕਾਰ ਵੱਲੋਂ ਚਲਾਈ ਗਈ ਦੂਜੀ ਸਰਕਾਰੀ ਤਾਲਾਬੰਦੀ ਸਮਾਪਤ ਹੋ ਗਈ। ਇਸ ਤਾਲਾਬੰਦੀ ਨੇ ਵਾਸ਼ਿੰਗਟਨ ਵਿਚ ਪੱਖਪਾਤੀ ਵੰਡ ਨੂੰ ਹੋਰ ਹਵਾ ਦਿੱਤੀ ਕਿਉਂਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਬੇਮਿਸਾਲ ਇਕਤਰਫ਼ਾ ਕਾਰਵਾਈ ਕੀਤੀ, ਜਿਸ ਵਿਚ ਪ੍ਰਾਜੈਕਟਾਂ ਨੂੰ ਰੱਦ ਕਰਨਾ ਤੇ ਸੰਘੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਕੋਸ਼ਿਸ਼ ਕਰਨਾ ਸ਼ਾਮਲ ਸੀ, ਤਾਂ ਕਿ ਡੈਮੋਕਰੇਟਸ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਰਮ ਰੁਖ਼ ਅਪਣਾਉਣ ਲਈ ਦਬਾਅ ਬਣਾਇਆ ਜਾ ਸਕੇ। ਸਦਨ ਵੱਲੋਂ 222-209 ਦੇ ਬਹੁਮਤ ਨਾਲ ਬਿੱਲ ਪਾਸ ਕਰਨ ਤੋਂ ਕੁਝ ਘੰਟਿਆਂ ਬਾਅਦ ਟਰੰਪ ਨੇ ਇਸ ‘ਤੇ ਸਹੀ ਪਾ ਦਿੱਤੀ। ਸੈਨੇਟ ਨੇ ਸੋਮਵਾਰ ਨੂੰ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੀ, ਜਿਸ ਦੇ ਨਾਲ ਹੀ ਇਤਿਹਾਸ ਦਾ ਸਭ ਤੋਂ ਲੰਮਾ ਸ਼ੱਟਡਾਊਨ ਖ਼ਤਮ ਹੋਣ ਦੇ ਨੇੜੇ ਪਹੁੰਚ ਗਿਆ। ਡੈਮੋਕਰੇਟਾਂ ਦੇ ਛੋਟੇ ਗਰੁੱਪ ਨੇ ਆਪਣੀ ਪਾਰਟੀ ਵਿਚ ਤਿੱਖੀ ਆਲੋਚਨਾ ਦੇ ਬਾਵਜੂਦ ਰਿਪਬਲਿਕਨਾਂ ਨਾਲ ਸਮਝੌਤੇ ਦੀ ਪੁਸ਼ਟੀ ਕੀਤੀ, ਜਿਸ ਦੀ ਮਦਦ ਨਾਲ ਬਿੱਲ ਪਾਸ ਹੋਇਆ। ਬੀਤੇ 41 ਦਿਨਾਂ ਤੋਂ ਜਾਰੀ ਸ਼ੱਟਡਾਊਨ ਕੁਝ ਹੋਰ ਦਿਨ ਜਾਰੀ ਰਹਿ ਸਕਦਾ ਹੈ ਕਿਉਂਕਿ ਸੰਸਦ ਦੇ ਹੇਠਲੇ ਸਦਨ (ਪ੍ਰਤੀਨਿਧ ਸਭਾ) ਦੇ ਮੈਂਬਰ ਸਤੰਬਰ ਦੇ ਅੱਧ ਤੋਂ ਛੁੱਟੀ ‘ਤੇ ਹਨ। ਉਹ ਬਿੱਲ ‘ਤੇ ਮਤਦਾਨ ਲਈ ਵਾਸ਼ਿੰਗਟਨ ਮੁੜਨਗੇ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿੱਲ ਦੀ ਹਮਾਇਤ ‘ਚ ਸੰਕੇਤ ਦਿੰਦਿਆਂ ਸੋਮਵਾਰ ਨੂੰ ਕਿਹਾ ਸੀ, ”ਅਸੀਂ ਜਲਦੀ ਹੀ ਸ਼ੱਟਡਾਊਨ ਖਤਮ ਕਰਾਂਗੇ।” ਦਰਅਸਲ ਡੈਮੋਕ੍ਰੇਟਿਕ ਆਗੂਆਂ ਦੇ ਇਕ ਗਰੁੱਪ ਨੇ ਸਿਹਤ ਦੇਖਭਾਲ ਸਬਸਿਡੀ ਦੇ ਵਿਸਥਾਰ ਦੀ ਗਾਰੰਟੀ ਤੋਂ ਬਿਨਾਂ ਚਰਚਾ ਕਰਨ ‘ਤੇ ਸਹਿਮਤੀ ਜਤਾਈ, ਜਿਸ ‘ਤੇ ਪਾਰਟੀ ਦੇ ਕਈ ਮੈਂਬਰ ਨਾਰਾਜ਼ ਹੋ ਗਏ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਅਮਰੀਕੀ ਲੋਕ ਚਾਹੁੰਦੇ ਹਨ ਕਿ ਸਬਸਿਡੀ ਨੂੰ ਲੈ ਕੇ ਲੜਾਈ ਜਾਰੀ ਰੱਖੀ ਜਾਵੇ। ਸੈਨੇਟ ਵਿਚ ਸਰਕਾਰ ਦੇ ਕੰਮਕਾਜ ਨੂੰ ਵਿੱਤੀ ਫੰਡਿੰਗ ਕਰਨ ਦੇ ਮਕਸਦ ਨਾਲ ਸਮਝੌਤਾ ਬਿੱਲ 40 ਦੇ ਮੁਕਾਬਲੇ 60 ਵੋਟਾਂ ਨਾਲ ਪਾਸ ਹੋ ਗਿਆ। ਡੈਮੋਕਰੇਟ ਆਗੂ ਮੰਗ ਕਰ ਰਹੇ ਸਨ ਕਿ ਰਿਪਬਲਿਕਨ ਆਗੂ ਪਹਿਲੀ ਜਨਵਰੀ ਨੂੰ ਖਤਮ ਹੋ ਰਹੇ ਸਿਹਤ ਦੇਖਭਾਲ ਟੈਕਸ ਕਰੈਡਿਟ ਦੀ ਮਿਆਦ ਵਧਾਉਣ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਪਰ ਰਿਪਬਲਿਕਨ ਆਗੂਆਂ ਨੇ ਅਜਿਹਾ ਨਹੀਂ ਕੀਤਾ। ਇਸੇ ਦੌਰਾਨ ਪ੍ਰਤੀਨਿਧ ਸਭਾ ਦੇ ਸਪੀਕਰ ਮਾਈਕ ਜੌਹਨਸਨ ਨੇ ਸੰਸਦ ਮੈਂਬਰਾਂ ਨੂੰ ਤਰੁੰਤ ਵਾਸ਼ਿੰਗਟਨ ਮੁੜਨ ਦੀ ਅਪੀਲ ਕੀਤੀ ਹੈ।