#AMERICA

ਅਮਰੀਕਾ ਵਿਚ ਜਲਦ ਖਤਮ ਹੋ ਸਕਦਾ ਹੈ ਸਰਕਾਰੀ ਸ਼ਟਡਾਊਨ

ਵਾਸ਼ਿੰਗਟਨ ਡੀ.ਸੀ., 12 ਨਵੰਬਰ (ਪੰਜਾਬ ਮੇਲ)- ਅਮਰੀਕੀ ਇਤਿਹਾਸ ਦੇ ਸਭ ਤੋਂ ਲੰਮੇ ਸਰਕਾਰੀ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਫੰਡਿੰਗ ਬਿੱਲ ਨੂੰ ਬੁੱਧਵਾਰ ਨੂੰ ਅੰਤਿਮ ਵੋਟ ਲਈ ਸਦਨ ਵਿਚ ਭੇਜਿਆ ਜਾ ਰਿਹਾ ਹੈ, ਜਦੋਂਕਿ ਸੈਨੇਟ ਨੇ ਸੋਮਵਾਰ ਨੂੰ 60-40 ਵੋਟਾਂ ਨਾਲ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕਾਂਗਰਸ ਵੀ ਇਸ ਬਿੱਲ ਨੂੰ ਕੁੱਝ ਸ਼ਰਤਾਂ ਸਮੇਤ ਪਾਸ ਕਰੇਗੀ। ਉਪਰੰਤ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਬਿੱਲ ‘ਤੇ ਹਸਤਾਖਰ ਕਰ ਦਿੱਤੇ ਜਾਣਗੇ।
ਸਪੀਕਰ ਮਾਈਕ ਜੌਹਨਸਨ ਨੇ ਕਾਂਗਰਸ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਯਾਤਰਾ ਵਿਚ ਦੇਰੀ ਹੋ ਰਹੀ ਹੈ। ਇਸ ਲਈ ਉਹ ਸਮੇਂ ਤੋਂ ਪਹਿਲਾਂ ਵਾਸ਼ਿੰਗਟਨ ਡੀ.ਸੀ. ਵਾਪਸ ਪਹੁੰਚ ਜਾਣ, ਤਾਂਕਿ ਬੁੱਧਵਾਰ ਨੂੰ ਇਸ ‘ਤੇ ਵੋਟਿੰਗ ਕਰਵਾਈ ਜਾ ਸਕੇ।
ਸਿਹਤ ਸੇਵਾਵਾਂ ‘ਚ ਸਬਸਿਡੀ ਬੰਦ ਕਰਵਾਉਣ ਦੇ ਡੈਮੋਕ੍ਰੇਟ ਦੇ ਵਿਰੋਧ ਵਜੋਂ ਰਾਸ਼ਟਰਪਤੀ ਟਰੰਪ ਵੱਲੋਂ ਇਹ ਸ਼ਟਡਾਊਨ ਕੀਤਾ ਗਿਆ ਸੀ। ਇਹ ਸਬਸਿਡੀ ਬੰਦ ਹੋਣ ਨਾਲ ਲੱਖਾਂ ਲੋਕਾਂ ਨੂੰ ਸਿਹਤ ਸੇਵਾਵਾਂ ਵਿਚ ਨੁਕਸਾਨ ਹੋਣਾ ਸੀ, ਜਿਸ ਨੂੰ ਜਾਰੀ ਰੱਖਣ ਲਈ ਡੈਮੋਕ੍ਰੇਟ ਪਾਰਟੀ ਜੱਦੋ-ਜਹਿਦ ਕਰ ਰਹੀ ਸੀ। ਇਥੇ ਇਹ ਕਹਿਣਾ ਬਣਦਾ ਹੈ ਕਿ ਇਸ ਸ਼ਟਡਾਊਨ ਦੌਰਾਨ ਲੱਖਾਂ ਲੋਕਾਂ ਨੂੰ ਫੂਡ ਸਟੈਂਪ ਨਹੀਂ ਮਿਲੀਆਂ, ਜਿਸ ਕਰਕੇ ਉਨ੍ਹਾਂ ਨੂੰ ਭੁੱਖੇ ਰਹਿ ਕੇ ਗੁਜ਼ਾਰਾ ਕਰਨਾ ਪਿਆ। ਇਸ ਦੇ ਨਾਲ ਫੈਡਰਲ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਜਿਸ ਕਰਕੇ ਦੇਸ਼ ਵਿਚ ਬੇਰੁਜ਼ਗਾਰੀ ਵੱਧ ਗਈ ਹੈ। ਇਸ ਦੇ ਨਾਲ-ਨਾਲ ਹਵਾਈ ਆਵਾਜਾਈ ਵਿਚ ਭਾਰੀ ਵਿਘਨ ਪਿਆ ਹੈ।
ਸੈਨੇਟ ਵਿਚ ਇਹ ਬਿੱਲ ਚੈਂਬਰ ਦੇ ਸਾਰੇ ਰਿਪਬਲਿਕਨ ਮੈਂਬਰਾਂ ਅਤੇ ਡੈਮੋਕ੍ਰੇਟ ਪਾਰਟੀ ਨਾਲ ਸੰਬੰਧ 8 ਮੈਂਬਰਾਂ ਦੇ ਸਮਰਥਨ ਨਾਲ ਪਾਸ ਹੋਇਆ। ਹਾਲੇ ਵੀ 40 ਮਿਲੀਅਨ ਅਮਰੀਕੀਆਂ ਨੂੰ ਸਿਹਤ ਸੇਵਾਵਾਂ ਲਈ ਸਬਸਿਡੀ ਮਿਲਦੀ ਹੈ ਜਾਂ ਨਹੀਂ, ਇਸ ਦੀ ਕੋਈ ਗਾਰੰਟੀ ਨਹੀਂ।