#PUNJAB

ਭੁੱਲਰ ਮਾਮਲਾ: ਰਿਸ਼ਵਤ ਕਾਂਡ ‘ਚ ਪੰਜਾਬ ਦੇ ਤਕਰੀਬਨ 50 ਅਫ਼ਸਰਾਂ ਦੇ ਨਾਂ ਸਾਹਮਣੇ ਆਏ!

ਚੰਡੀਗੜ੍ਹ, 12 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਕਾਂਡ ‘ਚ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਅਫ਼ਸਰਾਂ ਦਾ ਰਿਕਾਰਡ ਹਾਸਲ ਕਰ ਲਿਆ ਹੈ। ਇਸ ਦੌਰਾਨ ਜਾਂਚ ‘ਚ ਹੁਣ ਤੱਕ ਪੰਜਾਬ ਦੇ ਤਕਰੀਬਨ 50 ਅਫ਼ਸਰਾਂ ਦੇ ਨਾਂ ਸਾਹਮਣੇ ਆਏ ਹਨ। ਈ.ਡੀ. ਦੀ ਟੀਮ ਮੰਗਲਵਾਰ ਸੀ.ਬੀ.ਆਈ. ਦੇ ਦਫ਼ਤਰ ਪਹੁੰਚੀ ਅਤੇ ਅਫ਼ਸਰਾਂ ਦਾ ਰਿਕਾਰਡ ਮੰਗਿਆ, ਜਿਨ੍ਹਾਂ ‘ਤੇ ਬੇਨਾਮੀ ਜਾਇਦਾਦ ਬਣਾਉਣ ਦਾ ਦੋਸ਼ ਹੈ।
ਇਨ੍ਹਾਂ ‘ਚੋਂ ਕਈ ਅਫ਼ਸਰ ਹਾਲੇ ਵੀ ਫੀਲਡ ‘ਚ ਤਾਇਨਾਤ ਹਨ। ਭੁੱਲਰ ਦੇ ਕਹਿਣ ‘ਤੇ ਹੀ ਕ੍ਰਿਸ਼ਨੂ ਆਈ.ਏ.ਐੱਸ. ਤੇ ਆਈ.ਪੀ.ਐੱਸ. ਅਫ਼ਸਰਾਂ ਨਾਲ ਮਿਲੀ-ਭੁਗਤ ਕਰਦਾ ਸੀ। ਸੀ.ਬੀ.ਆਈ. ਅਨੁਸਾਰ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੇ ਮੋਬਾਇਲ ਅਤੇ ਇਲੈਕਟ੍ਰਾਨਿਕ ਡਿਵਾਇਸ ਤੋਂ ਭ੍ਰਿਸ਼ਟ ਡੀਲਿੰਗ ਦੇ ਕਈ ਸਬੂਤ ਮਿਲੇ ਹਨ।
ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਸੀ.ਬੀ.ਆਈ. ਸੂਤਰਾਂ ਮੁਤਾਬਕ ਡੀ.ਆਈ.ਜੀ. ਭੁੱਲਰ ਤੋਂ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਪੰਜਾਬ ਦੇ ਕਈ ਅਧਿਕਾਰੀ ਪਟਿਆਲਾ ਦੇ ਇੱਕ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਰਾਹੀਂ ਜਾਇਦਾਦ ਵਿਚ ਨਿਵੇਸ਼ ਕਰ ਰਹੇ ਸਨ।