#AMERICA

ਸ਼ੱਟਡਾਊਨ ਖਤਮ ਕਰਨ ਲਈ ਡੈਮੋਕਰੈਟਸ ਨੇ ਰੱਖੀ ਨਵੀਂ ਤਜਵੀਜ਼

ਸੈਕਰਾਮੈਂਟੋ, ਕੈਲੀਫੋਰਨੀਆ  9 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਸਿਹਤ ਸੰਭਾਲ ਪ੍ਰੋਗਰਾਮ ਨੂੰ ਲੈ ਕੇ ਸੱਤਾਧਾਰੀ ਰਿਪਬਲੀਕਨ ਪਾਰਟੀ ਤੇ ਵਿਰੋਧੀ ਧਿਰ ਡੈਮੋਕਰੈਟਸ ਵਿਚਾਲੇ ਪੈਦਾ ਹੋਏ ਟਕਰਾਅ ਕਾਰਨ ਸਰਕਾਰੀ ਕੰਮਕਾਜ਼ ਠੱਪ ਹੋਏ ਨੂੰ ਇਕ ਮਹੀਨੇ ਤੋਂ ਵੀ ਵਧ ਸਮਾਂ ਹੋ ਚੁੱਕਾ ਹੈ ਪਰੰਤੂ ਫਿਲਹਾਲ ਸ਼ੱਟਡਾਊਨ ਖਤਮ ਹੁੰਦਾ ਨਜਰ ਨਹੀਂ ਆ ਰਿਹਾ। ਡੈਮੋਕਰੈਟਸ ਪਾਰਟੀ ਨੇ ਸ਼ੱਟਡਾਊਨ ਖਤਮ ਕਰਨ ਲਈ ਨਵੀਂ ਤਜਵੀਜ਼ ਰੱਖੀ ਹੈ ਹਾਲਾਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਇਸ ਕਿਸਮ ਦੀ ਪਹੁੰਚ ਨੂੰ ਰੱਦ ਕਰ ਚੁੱਕੇ ਹਨ। ਡੈਮੋਟਕਰੈਟਸ ਨੇ ਕਿਹਾ ਹੈ ਕਿ 2026 ਦੇ ਸ਼ੁਰੂ ਵਿੱਚ ਖਤਮ ਹੋ ਰਹੀ ਸਿਹਤ ਸੰਭਾਲ ਸਬਸਿਡੀ ਦੀ ਮਿਆਦ ਵਿੱਚ ਇਕ ਸਾਲ ਲਈ ਵਾਧਾ ਕੀਤਾ ਜਾਵੇ ਤੇ ਲੱਖਾਂ ਅਮਰੀਕੀਆਂ ਲਈ ਪ੍ਰੀਮੀਅਮ ਵਧਾਇਆ ਜਾਵੇ। ਓਬਾਮਾ ਕੇਅਰ ਪ੍ਰੋਗਰਾਮ ਤਹਿਤ ਲੋੜਵੰਦ ਅਮਰੀਕੀਆਂ ਲਈ ਟੈਕਸ ਕਰੈਡਿਟਸ ਮੁੱਖ ਮੁੱਦਾ ਹੈ ਜਿਸ ਉਪਰ ਟਕਰਾਅ ਬਣਿਆ ਹੋਇਆ ਹੈ। ਸ਼ੱਟਡਾਊਨ ਕਾਰਨ ਹਜਾਰਾਂ ਲੋਕ ਬਿਨਾਂ ਤਨਖਾਹ ਦਿਨ ਕੱਟਣ ਲਈ ਮਜ਼ਬੂਰ ਹਨ ਤੇ ਖੁਰਾਕੀ ਵਸਤਾਂ ਦੀ ਘਾਟ ਕਾਰਨ ਸਥਿੱਤੀ ਦਿਨ ਬਦਿਨ ਬਦਤਰ ਹੁੰਦੀ ਜਾ ਰਹੀ ਹੈ। ਨਵੀਂ ਤਜਵੀਜ਼ ਤਹਿਤ ਡੈਮੋਕਰੈਟਸ ਚਹੁੰਦੇ ਹਨ ਕਿ ਸਰਕਾਰੀ ਕੰਮਕਾਜ ਮੌਜੂਦਾ ਫੰਡ ਵਿਵਸਥਾ ਤਹਿਤ ਅਗਲੇ ਸਾਲ ਜਿਉਂ ਦਾ ਤਿਉਂ ਜਾਰੀ ਰੱਖਿਆ ਜਾਵੇ। ਇਸ ਦੇ ਨਾਲ ਹੀ ਡੈਮੋਕਰਟੈਸ ਚਹੁੰਦੇ ਹਨ ਕਿ ਇਕ ਨਿਰਪੱਖ ਕਮੇਟੀ ਸਿਹਤ ਸੰਭਾਲ ਲਾਗਤ ਨੂੰ ਘੱਟ ਕਰਨ ਲਈ ਨਿਰੰਤਰ ਵਿਚਾਰ ਵਟਾਂਦਰਾ ਕਰੇ। ਡੈਮੋਕਰੇਟ ਸੈਨੇਟ ਘੱਟ ਗਿਣਤੀ ਆਗੂ ਚੁੱਕ ਸ਼ੂਮਰ ਨੇ ਕਿਹਾ ਹੈ ਕਿ ਇਹ ਤਜਵੀਜ਼ ਬਿਲਕੁਲ ਵਾਜ਼ਬ ਹੈ ਤੇ ਹੁਣ ਗੇਂਦ ਰਿਪਬਲੀਕਨਾਂ ਦੇ ਵੇਹੜੇ ਵਿੱਚ ਹੈ। ਉਹ ਚਾਹੇ ਤਾਂ ਸ਼ੱਟਡਾਊਨ ਤੁਰੰਤ ਖਤਮ ਹੋ ਸਕਦਾ ਹੈ।

ਟਰੰਪ ਪ੍ਰਸ਼ਾਸਨ ਨੇ ਹੁਣ ਤੱਕ 80000 ਗੈਰ ਪ੍ਰਵਾਸੀ ਵੀਜੇ ਕੀਤੇ ਰੱਦ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਟਰੰਪ ਪ੍ਰਸ਼ਾਸਨ 20 ਜਨਵਰੀ 2025 ਨੂੰ ਸੱਤਾ ਸੰਭਾਲਣ ਉਪਰੰਤ ਹੁਣ ਤੱਕ ਅੰਦਾਜਨ 80000 ਗੈਰ ਪ੍ਰਵਾਸੀ ਵੀਜ਼ੇ ਰੱਦ ਕਰ ਚੁੱਕਾ ਹੈ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉਪਰ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਜਿਨਾਂ ਲੋਕਾਂ ਦੇ ਵੀਜੇ ਰੱਦ ਕੀਤੇ ਗਏ ਹਨ ਉਨਾਂ ਵਿੱਚ 16000 ਵੀਜੇ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ, 12000 ਹਮਲੇ ਕਰਨ ਤੇ 8000 ਵੀਜੇ ਚੋਰੀ ਕਰਨ ਵਾਲਿਆਂ ਦੇ ਸ਼ਾਮਿਲ ਹਨ। ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਅਪਰਾਧਕ ਗਤੀਵਿਧੀਆਂ ਤੋਂ ਇਲਾਵਾ ਹੋਰ ਲੋਕਾਂ ਦੇ ਵੀ ਵੀਜੇ ਰੱਦ ਕੀਤੇ ਗਏ ਹਨ। ਬੁਲਾਰੇ ਨੇ ਕਿਹਾ ਹੈ ਕਿ 6000 ਤੋਂ ਵਧ ਵਿਦਿਆਰਥੀਆਂ ਦੇ ਵੀਜੇ ਮਿਆਦ ਖਤਮ ਹੋਣ ਦੇ ਬਾਵਜੂਦ ਅਮਰੀਕਾ ਵਿੱਚ ਟਿਕੇ ਰਹਿਣ ਕਾਰਨ ਰੱਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨਾਂ ਲੋਕਾਂ ਦੇ ਵੀਜੇ ਵੀ ਰੱਦ ਕੀਤੇ ਗਏ ਹਨ ਜਿਨਾਂ ਦੀਆਂ ਸੋਸ਼ਲ ਮੀਡੀਆ ਉਪਰ ਟਿੱਪਣੀਆਂ ਸਰਕਾਰ ਨੂੰ ਰਾਸ ਨਹੀਂ ਆਈਆਂ।