#INDIA

ਕੌਮੀ ਰਾਜਧਾਨੀ ‘ਚ ਪ੍ਰਦੂਸ਼ਣ ਦਾ ਪੱਧਰ ਰੈੱਡ ਜ਼ੋਨ ‘ਚ ਪੁੱਜਿਆ

-ਸ਼ਹਿਰ ਦੇ ਕਈ ਹਿੱਸਿਆਂ ‘ਚ ਏ.ਕਿਊ.ਆਈ. 400 ਤੋਂ ਪਾਰ
ਨਵੀਂ ਦਿੱਲੀ, 8 ਨਵੰਬਰ (ਪੰਜਾਬ ਮੇਲ)- ਕੌਮੀ ਰਾਜਧਾਨੀ ‘ਚ ਪ੍ਰਦੂਸ਼ਣ ਦਾ ਪੱਧਰ ਅੱਜ ਰੈੱਡ ਜ਼ੋਨ ਵਿਚ ਪੁੱਜ ਗਿਆ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਅੱਜ 400 ਦੇ ਅੰਕੜੇ ਨੂੰ ਪਾਰ ਕਰ ਗਿਆ, ਜਿਸ ਨਾਲ ਰਾਸ਼ਟਰੀ ਰਾਜਧਾਨੀ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਇੱਕ ਬਣ ਗਈ ਹੈ। ਇਹ ਵੀ ਪੇਸ਼ੀਨਗੋਈ ਕੀਤੀ ਗਈ ਹੈ ਕਿ ਦਿੱਲੀ ਤੇ ਨਾਲ ਦੇ ਨਾਲ ਦੇ ਖੇਤਰਾਂ ‘ਚ ਆਉਣ ਵਾਲੇ ਦਿਨਾਂ ਵਿਚ ਪ੍ਰਦੁਸ਼ਣ ਦਾ ਪੱਧਰ ਵਧੇਗਾ। ਇਹ ਕਿਹਾ ਗਿਆ ਹੈ ਕਿ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਵਿਚ ਅੱਜ ਤੇ ਬੀਤੇ ਦਿਨੀਂ ਪਰਾਲੀ ਸਾੜਨ ਦੇ ਕੇਸਾਂ ਵਿਚ ਵੀ ਵਾਧਾ ਹੋਇਆ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 361 ਰਿਹਾ। ਸ਼ਹਿਰ ਦੇ ਕਈ ਹਿੱਸਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਵਿਚ ਦਰਜ ਕੀਤਾ ਗਿਆ। ਰਾਜਧਾਨੀ ਭਰ ਦੇ 38 ਨਿਗਰਾਨੀ ਸਟੇਸ਼ਨਾਂ ਤੋਂ ਸੀ.ਪੀ.ਸੀ.ਬੀ. ਦੇ ਸਮੀਰ ਐਪ ਡੇਟਾ ਅਨੁਸਾਰ ਵਜ਼ੀਰਪੁਰ ਵਿਚ ਏ.ਕਿਊ.ਆਈ. 420, ਬੁਰਾੜੀ ਵਿਚ 418, ਵਿਵੇਕ ਵਿਹਾਰ ‘ਚ 411, ਅਲੀਪੁਰ ਵਿਚ 404, ਆਈ.ਟੀ.ਓ. ਵਿਚ 402, ਨਹਿਰੂ ਨਗਰ ਵਿਚ 406 ਦਰਜ ਕੀਤਾ ਗਿਆ।
ਸੀ.ਪੀ.ਸੀ.ਬੀ. ਡੇਟਾ ਅਨੁਸਾਰ ਐੱਨ.ਸੀ.ਆਰ. ਖੇਤਰ ਦੇ ਨੋਇਡਾ ਵਿਚ 354, ਗ੍ਰੇਟਰ ਨੋਇਡਾ ਵਿਚ 336 ਅਤੇ ਗਾਜ਼ੀਆਬਾਦ ਵਿਚ 339 ਏ.ਕਿਊ.ਆਈ. ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਦਿੱਲੀ ਵਿਚ 322 ਏ.ਕਿਊ.ਆਈ. ਦਰਜ ਕੀਤਾ ਗਿਆ ਸੀ, ਜੋ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਪਹਿਲੇ ਸਥਾਨ ‘ਤੇ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਅਤੇ ਐੱਮ.ਸੀ.ਡੀ. ਕਰਮਚਾਰੀਆਂ ਲਈ 15 ਨਵੰਬਰ ਤੋਂ 15 ਫਰਵਰੀ ਤੱਕ ਕੰਮ ਕਰਨ ਦਾ ਸਮਾਂ ਬਦਲ ਦਿੱਤਾ ਸੀ। ਦਿੱਲੀ ਸਰਕਾਰ ਦੇ ਦਫ਼ਤਰ ਹੁਣ ਸਵੇਰੇ 10 ਵਜੇ ਤੋਂ ਸ਼ਾਮ 6.30 ਵਜੇ ਤੱਕ ਅਤੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਦਫ਼ਤਰ ਸਵੇਰੇ 8.30 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣਗੇ। ਇਸ ਵੇਲੇ ਦਿੱਲੀ ਸਰਕਾਰ ਦੇ ਦਫ਼ਤਰ ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਐੱਮ.ਸੀ.ਡੀ. ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5.30 ਵਜੇ ਤੱਕ ਲਗਦੇ ਹਨ। ਸਰਕਾਰ ਨੇ ਕਿਹਾ ਕਿ ਇਸ ਸਮੇਂ ਦੋਵਾਂ ਸਮਾਂ-ਸਾਰਣੀਆਂ ਵਿਚਕਾਰ ਸਿਰਫ 30 ਮਿੰਟ ਦਾ ਅੰਤਰ ਹੈ, ਇਸ ਲਈ ਸ਼ਹਿਰ ਵਿਚ ਸਵੇਰੇ ਅਤੇ ਸ਼ਾਮ ਦੋਵਾਂ ਸਮੇਂ ਭਾਰੀ ਆਵਾਜਾਈ ਹੁੰਦੀ ਹੈ, ਜਿਸ ਨਾਲ ਸ਼ਹਿਰ ਦਾ ਹਵਾ ਪ੍ਰਦੂਸ਼ਣ ਵਧਦਾ ਹੈ।