#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਨੂੰ ਬਣਾ ਕੇ ਦਿੱਤੇ ਮੁਫ਼ਤ ਮਕਾਨ ਦਾ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਉਦਘਾਟਨ

-1725 ਮਕਾਨ ਬਣਾਏ ਜਾ ਚੁੱਕੇ ਹਨ : ਡਾ. ਓਬਰਾਏ
ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿਚ ਸੰਨੀ ਓਬਰਾਏ ਆਵਾਸ ਯੋਜਨਾ ਤਹਿਤ ਲੋੜਵੰਦਾਂ ਨੂੰ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੀ ਰਹਿਨੁਮਾਈ ਹੇਠ ਵੱਡੀ ਗਿਣਤੀ ਵਿਚ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ। ਇਸ ਲੜੀ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੂੜਾ ਗੁੱਜਰ ਵਿਚ ਇੱਕ ਬਹੁਤ ਹੀ ਲੋੜਵੰਦ ਪੁੱਤਰ ਗਵਾ ਚੁੱਕੀ ਵਿਧਵਾ ਨੂੰ ਟਰੱਸਟ ਵੱਲੋਂ ਮਕਾਨ ਬਣਾ ਕੇ ਦਿੱਤਾ ਗਿਆ ਹੈ, ਜਿਸ ਦਾ ਉਦਘਾਟਨ ਮਾਨਯੋਗ ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਰਾਜ ਕੁਮਾਰ ਅਤੇ ਸ਼੍ਰੀ ਹਿਮਾਂਸ਼ੂ ਅਰੋੜਾ ਸੀਨੀਅਰ ਸਿਵਲ ਜੱਜ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ ਅਤੇ ਡਾਕਟਰ ਓਬਰਾਏ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇੱਕ ਬਹੁਤ ਹੀ ਲੋੜਵੰਦ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਰਾਹੀਂ ਮਕਾਨ ਬਣਾਉਣ ਲਈ ਡਾਕਟਰ ਓਬਰਾਏ ਨੂੰ ਬੇਨਤੀ ਕੀਤੀ ਗਈ ਸੀ। ਡਾ. ਓਬਰਾਏ ਨੇ ਤੁਰੰਤ ਹੀ ਪੈਸੇ ਜਾਰੀ ਕੀਤੇ ਅਤੇ ਮਕਾਨ ਪੂਰਾ ਹੋਣ ਉਪਰੰਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਵੱਲੋਂ ਲੋੜਵੰਦ ਦੇ ਹਵਾਲੇ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਡਾ. ਓਬਰਾਏ ਮੁਤਾਬਕ ਹੁਣ ਤੱਕ 1725 ਦੇ ਕਰੀਬ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ। ਲੋੜਵੰਦ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਡਾ ਓਬਰਾਏ ਦੇ ਉਪਰਾਲੇ ਨਾਲ ਮੈਂ ਰਹਿੰਦੀ ਉਮਰ ਨਵੇਂ ਮਕਾਨ ਵਿਚ ਵਧੀਆ ਢੰਗ ਨਾਲ ਗੁਜ਼ਾਰ ਲਵਾਂਗੀ। ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ, ਜਸਬੀਰ ਸਿੰਘ ਰਿਟਾ. ਏ.ਐੱਸ.ਆਈ., ਚਰਨਜੀਤ ਸਿੰਘ, ਜੀਵਨ ਕੁਮਾਰ ਸਿੰਗਲਾ ਸੀਨੀਅਰ ਸਹਾਇਕ, ਵਿਸ਼ਵਜੀਤ ਸਿੰਘ ਪੀ.ਐੱਲ.ਵੀ., ਸੂਰਤ ਸਿੰਘ ਰਿਟਾ. ਇੰਸਪੈਕਟਰ, ਮੇਜਰ ਸਿੰਘ ਰਿਟਾ. ਇੰਸਪੈਕਟਰ ਅਤੇ ਮੈਂਬਰ ਪੰਚਾਇਤ, ਗੁਰਚਰਨ ਸਿੰਘ, ਹਰਦੀਪ ਸਿੰਘ, ਸੋਹਣ ਸਿੰਘ, ਅਰਸ਼ਦੀਪ ਸਿੰਘ ਚਹਿਲ, ਨਵਤੇਜ ਸਿੰਘ, ਬਿੰਦਰ ਸਿੰਘ ਗਰੇਵਾਲ ਅਤੇ ਹਰਦੀਪ ਸਿੰਘ ਦੀਪਾ ਆਦਿ ਹਾਜ਼ਰ ਸਨ।