– ਇਸ ਸਾਲ 7,200 ਤੋਂ ਵੱਧ ਵਪਾਰਕ ਟਰੱਕ ਡਰਾਈਵਰ ਲਾਜ਼ਮੀ ਇੰਗਲਿਸ਼ ਮੁਹਾਰਤ ਟੈਸਟਾਂ ‘ਚ ਫੇਲ੍ਹ ਹੋਣ ਕਾਰਨ ਅਯੋਗ ਕਰਾਰ
– ਪੰਜਾਬੀ-ਹਰਿਆਣਵੀ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ
ਵਾਸ਼ਿੰਗਟਨ, 3 ਨਵੰਬਰ (ਪੰਜਾਬ ਮੇਲ)- ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ (ਡੀ.ਓ.ਟੀ.) ਨੇ ਇਸ ਸਾਲ 7,200 ਤੋਂ ਵੱਧ ਵਪਾਰਕ ਟਰੱਕ ਡਰਾਈਵਰਾਂ ਨੂੰ ਲਾਜ਼ਮੀ ਇੰਗਲਿਸ਼ ਮੁਹਾਰਤ ਟੈਸਟਾਂ ਵਿਚ ਫੇਲ੍ਹ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਹੈ। ਇਹ ਸਖ਼ਤ ਕਾਰਵਾਈ ਭਾਰਤੀ ਮੂਲ ਦੇ ਡਰਾਈਵਰਾਂ ਨਾਲ ਜੁੜੇ ਕਈ ਜਾਨਲੇਵਾ ਹਾਈਵੇ ਹਾਦਸਿਆਂ ਤੋਂ ਬਾਅਦ ਇੱਕ ਹਮਲਾਵਰ ਮੁਹਿੰਮ ਵਜੋਂ ਸਾਹਮਣੇ ਆਈ ਹੈ।
ਜਿਨ੍ਹਾਂ ਡਰਾਈਵਰਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ ਹੈ, ਉਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਸ਼ਾਮਲ ਹਨ, ਖ਼ਾਸਕਰ ਪੰਜਾਬੀ ਅਤੇ ਹਰਿਆਣਵੀ ਮੂਲ ਦੇ ਡਰਾਈਵਰ। ਨਾਰਥ ਅਮਰੀਕਨ ਪੰਜਾਬੀ ਟਰੱਕਰਜ਼ ਐਸੋਸੀਏਸ਼ਨ (ਐੱਨ.ਏ.ਪੀ.ਟੀ.ਏ.) ਦਾ ਅੰਦਾਜ਼ਾ ਹੈ ਕਿ ਅਮਰੀਕਾ ਵਿਚ 130,000 ਤੋਂ 150,000 ਟਰੱਕ ਡਰਾਈਵਰ ਪੰਜਾਬ ਅਤੇ ਹਰਿਆਣਾ ਤੋਂ ਆਏ ਹਨ। ਐਸੋਸੀਏਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਬਹੁਤ ਸਾਰੇ ਅਯੋਗ ਕੀਤੇ ਗਏ ਡਰਾਈਵਰ ਪੰਜਾਬੀ ਅਤੇ ਹਰਿਆਣਵੀ ਮੂਲ ਦੇ ਹਨ।
ਯੂ.ਐੱਸ. ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ 30 ਅਕਤੂਬਰ ਨੂੰ ਕਾਰਵਾਈ ਦਾ ਐਲਾਨ ਕੀਤਾ। ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐੱਫ.ਐੱਮ.ਸੀ.ਐੱਸ.ਏ.) ਦੇ ਅਸਲ-ਸਮੇਂ ਦੇ ਅੰਕੜਿਆਂ ਅਨੁਸਾਰ, 2025 ਵਿਚ ਕੁੱਲ 7,248 ਡਰਾਈਵਰਾਂ ਨੂੰ ਰੀਅਲ-ਟਾਈਮ ਰੋਡਸਾਈਡ ਇੰਗਲਿਸ਼ ਲੈਂਗੂਏਜ ਪ੍ਰੋਫੀਸ਼ੀਐਂਸੀ (ਈ.ਐੱਲ.ਪੀ.) ਟੈਸਟਾਂ ਵਿਚ ਫੇਲ੍ਹ ਹੋਣ ਕਾਰਨ ਆਊਟ ਆਫ਼ ਸਰਵਿਸ (ਡਰਾਈਵਿੰਗ ਕਰਨ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਗਿਆ) ਘੋਸ਼ਿਤ ਕੀਤਾ ਗਿਆ।
ਇਹ ਕਾਰਵਾਈ 49 ਸੀ.ਐੱਫ.ਆਰ. 391.11(ਬੀ)(2) ਨਿਯਮ ਦੇ ਮੁੜ ਲਾਗੂ ਹੋਣ ਤੋਂ ਬਾਅਦ ਆਈ ਹੈ। ਇਸ ਨਿਯਮ ਤਹਿਤ ਸਾਰੇ ਕਮਰਸ਼ੀਅਲ ਡਰਾਈਵਰ ਲਾਇਸੈਂਸ (ਸੀ.ਡੀ.ਐੱਲ.) ਧਾਰਕਾਂ ਨੂੰ ਇੰਗਲਿਸ਼ ਪੜ੍ਹਨ ਅਤੇ ਬੋਲਣ ਵਿਚ ਇੰਨਾ ਨਿਪੁੰਨ ਹੋਣਾ ਚਾਹੀਦਾ ਹੈ ਕਿ ਉਹ ਜਨਤਾ ਨਾਲ ਗੱਲਬਾਤ ਕਰ ਸਕਣ, ਚਿੰਨ੍ਹ ਸਮਝ ਸਕਣ, ਅਧਿਕਾਰੀਆਂ ਨਾਲ ਗੱਲਬਾਤ ਕਰ ਸਕਣ ਅਤੇ ਸਹੀ ਰਿਪੋਰਟਾਂ ਬਣਾਈ ਰੱਖ ਸਕਣ।
ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਵਿਚ ਭਾਰਤੀ ਮੂਲ ਦਾ ਟਰੱਕ ਡਰਾਈਵਰ ਹਰਜਿੰਦਰ ਸਿੰਘ ਹੱਥੋਂ ਫਲੋਰੀਡਾ ਟਰਨਪਾਈਕ ‘ਤੇ ਇੱਕ ਭਿਆਨਕ ਹਾਦਸੇ ਵਿਚ ਸ਼ਾਮਲ ਸੀ, ਜਦੋਂ ਉਸ ਦੇ ਟਰੱਕ ਨਾਲ ਟੱਕਰ ਕਾਰਨ ਤਿੰਨ ਲੋਕ ਮਾਰੇ ਗਏ ਸਨ। ਇਹ ਹਾਦਸਾ ਗਲਤ ਯੂ-ਟਰਨ ਲੈਣ ਤੋਂ ਬਾਅਦ ਹੋਇਆ। ਸੁਰੱਖਿਆ ਰਿਕਾਰਡਾਂ ਅਨੁਸਾਰ ਹਰਜਿੰਦਰ ਸਿੰਘ ਦੀ ਇੰਗਲਿਸ਼ ਭਾਸ਼ਾ ਦੀ ਮੁਹਾਰਤ ‘ਤੇ ਸਵਾਲ ਖੜ੍ਹੇ ਕੀਤੇ ਗਏ ਸਨ।
ਇਸ ਤੋਂ ਬਾਅਦ ਅਕਤੂਬਰ ਵਿਚ ਇੱਕ ਭਾਰਤੀ ਡਰਾਈਵਰ ਕੈਲੀਫੋਰਨੀਆ ਹਾਈਵੇਅ ‘ਤੇ ਇੱਕ ਭਿਆਨਕ ਹਾਦਸੇ ਵਿਚ ਸ਼ਾਮਲ ਸੀ ਅਤੇ ਉਸ ‘ਤੇ ਤਿੰਨ ਅਮਰੀਕੀ ਲੋਕਾਂ ਨੂੰ ਮਾਰਨ ਦਾ ਦੋਸ਼ ਲੱਗਿਆ ਹੈ। ਡੀ.ਓ.ਟੀ. ਸੂਤਰਾਂ ਅਨੁਸਾਰ, ਇਹ ਡਰਾਈਵਰ ਹਾਦਸੇ ਤੋਂ ਪਹਿਲਾਂ ਕਈ ਵਾਰ ਇੰਗਲਿਸ਼ ਟੈਸਟ ‘ਚ ਫੇਲ੍ਹ ਹੋਇਆ ਸੀ। ਪ੍ਰਵਾਸੀ ਡਰਾਈਵਰਾਂ ਹੱਥੋਂ ਹੋਏ ਇਨ੍ਹਾਂ ਹਾਦਸਿਆਂ ਕਾਰਨ ਹੀ ਅਮਰੀਕੀ ਪ੍ਰਸ਼ਾਸਨ ਡਰਾਈਵਿੰਗ ਨਿਯਮਾਂ ਨੂੰ ਹੋਰ ਸਖ਼ਤ ਕਰਨ ਜਾ ਰਿਹਾ ਹੈ।
ਅਮਰੀਕੀ ਪ੍ਰਸ਼ਾਸਨ ਨੇ ਡਰਾਈਵਰਾਂ ਲਈ ਨਿਯਮ ਕੀਤੇ ਹੋਰ ਸਖ਼ਤ!
