ਪਟਿਆਲਾ/ਨਾਭਾ, 18 ਮਈ (ਪੰਜਾਬ ਮੇਲ)- ਬੀਤੇ ਰਾਤ ਪਟਿਆਲਾ ‘ਚ ਆਈ ਤੇਜ਼ ਹਨੇਰੀ ਅਤੇ ਝੱਖੜ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਜਿੱਥੇ ਸੜਕਾਂ ‘ਤੇ ਦਰੱਖਤ ਜੜ੍ਹੋਂ ਉਖੜ ਕੇ ਢਹਿ-ਢੇਰੀ ਹੋ ਗਏ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਹੀ ਨਾਭਾ ਹਲਕੇ ਦੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਲੋਕਾਂ ਦੇ ਕੰਮਾਂ-ਕਾਰਾਂ ‘ਤੇ ਪ੍ਰਭਾਵ ਪਿਆ। ਇਸ ਤੋਂ ਇਲਾਵਾ ਨਾਭਾ ਸ਼ਹਿਰ ਦੇ ਬੌੜਾ ਗੇਟ ਨਜ਼ਦੀਕ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ 20 ਫੁੱਟ ਉੱਚੀ ਖੜ੍ਹੀ ਕੰਧ ਦੇ ਢਹਿ-ਢੇਰੀ ਹੋ ਜਾਣ ਕਾਰਨ ਤਿੰਨ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਮੰਜਰ ਕੁਝ ਅਜਿਹਾ ਸੀ ਕਿ ਸਾਰੀ ਗਲ਼ੀ ਇੱਟਾਂ ਨਾਲ ਭਰ ਗਈ ਅਤੇ ਰਸਤਾ ਬੰਦ ਹੋ ਗਿਆ।