#AUSTRALIA

ਦਿਲਜੀਤ ਦੋਸਾਂਝ ਵੀ ਹੋਇਆ ਨਸਲੀ ਟਿੱਪਣੀ ਦਾ ਸ਼ਿਕਾਰ

ਸਿਡਨੀ, 30 ਅਕਤਬੂਰ (ਪੰਜਾਬ ਮੇਲ)- ਫ਼ਿਲਮੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਔਰਾ ਟੂਰ ਲੈ ਕੇ ਆਸਟ੍ਰੇਲੀਆ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਨੇ ਸਿਡਨੀ ‘ਚ ਸ਼ੋਅ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਆਪਣੀ ਨਸਲੀ ਟਿੱਪਣੀ ਦੀ ਪੋਸਟ ਨੂੰ ਸਾਂਝਾ ਕੀਤਾ ਹੈ। ਦਿਲਜੀਤ ਦੋਸਾਂਝ ਨੇ ਦੱਸਿਆ ਕਿ ਜਦੋਂ ਉਹ ਸਿਡਨੀ ‘ਚ ਪਹੁੰਚੇ ਤਾਂ ਉਨ੍ਹਾਂ ਦੀ ਕਿਸੇ ਪੱਤਰਕਾਰ ਨੇ ਪੋਸਟ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਕਿ ਦਿਲਜੀਤ ਦੋਸਾਂਝ ਇਥੇ ਪਹੁੰਚ ਗਏ ਹਨ। ਉਸ ਖਬਰ ਹੇਠ ਵੱਖ-ਵੱਖ ਲੋਕਾਂ ਵਲੋਂ ਨਸਲੀ ਵਿਤਕਰੇ ਵਾਲੇ ਕੁਮੈਂਟ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਕਿਸੇ ਨੇ ਲਿਖਿਆ ਕਿ ਇਕ ਹੋਰ ਓਬਰ ਡਰਾਈਵਰ ਇਥੇ ਆ ਗਿਆ ਹੈ। ਕਈਆਂ ਨੇ ਕਿਹਾ ਕਿ ਇਕ ਹੋਰ ਟਰੱਕ ਡਰਾਈਵਰ ਇਥੇ ਪਹੁੰਚ ਗਿਆ ਹੈ ਅਤੇ ਸੈਵਲ ਇਲੈਵਨ ‘ਤੇ ਇਕ ਹੋਰ ਕਾਮਾ ਆ ਗਿਆ। ਦਿਲਜੀਤ ਨੇ ਬੜੀ ਸੰਜੀਦਗੀ ਨਾਲ ਜਵਾਬ ਦਿੰਦਿਆਂ ਕਿਹਾ ਕਿ ਮੈਂ ਕਿਸੇ ਦੇ ਵੀ ਵਿਰੋਧ ‘ਚ ਕੋਈ ਸ਼ਬਦ ਨਹੀਂ ਲਿਖਿਆ ਪਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜਦ ਤੁਹਾਨੂੰ ਉਬਰ ਦੀ ਜ਼ਰੂਰਤ ਹੋਵੇਗੀ ਤੇ ਜੇ ਉਬਰ ਡਰਾਈਵਰ 10 ਮਿੰਟ ਵੀ ਲੇਟ ਹੋ ਜਾਵੇ ਤਾਂ ਤੁਹਾਨੂੰ ਔਖਾ ਹੋ ਜਾਵੇਗਾ। ਜੇਕਰ ਟਰੱਕ ਡਰਾਈਵਰ ਨਾ ਹੋਣ ਤਾਂ ਤੁਹਾਡੇ ਘਰ ਬਰੈੱਡ ਵੀ ਨਹੀਂ ਪਹੁੰਚੇਗੀ। ਇਸ ਤਰ੍ਹਾਂ ਦਿਲਜੀਤ ਨੇ ਆਖ਼ਿਰ ਵਿਚ ਕਿਹਾ ਕਿ ਆਪਣੀ ਨਕਾਰਾਤਮਕ ਸੋਚ ਛੱਡ ਦਿਓ। ਦੁਨੀਆਂ ਇਕ ਸਾਂਝਾ ਘਰ ਹੈ ਅਤੇ ਸਾਰੇ ਹੀ ਇਸ ਥਾਂ ‘ਤੇ ਬਰਾਬਰ ਹਨ।