#AMERICA

ਬਗਦਾਦ ‘ਚ ਬਾਬਾ ਨਾਨਕ ਦੇ ਅਸਥਾਨ ਦੀ ਉਸਾਰੀ ਲਈ ਜੱਦੋ-ਜਹਿਦ ਸ਼ੁਰੂ

-ਸਥਾਨਕ ਆਗੂਆਂ ਨੂੰ ਅਸਥਾਨ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ
ਸੈਕਰਾਮੈਂਟੋ, 29 ਅਕਤੂਬਰ (ਪੰਜਾਬ ਮੇਲ)- ਬਾਬਾ ਨਾਨਕ ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀਆਂ ਉਦਾਸੀਆਂ ਕੀਤੀਆਂ ਸਨ। ਇਸ ਦੌਰਾਨ ਉਹ ਇਰਾਕ ਦੇ ਸ਼ਹਿਰ ਬਗਦਾਦ ਵੀ ਪਹੁੰਚੇ ਸਨ। ਪਰ ਹਾਲੇ ਤੱਕ ਉਸ ਥਾਂ ਨੂੰ ਸਥਾਨਕ ਸਰਕਾਰ ਵੱਲੋਂ ਕੋਈ ਜ਼ਿਆਦਾ ਮਾਨਤਾ ਨਹੀਂ ਦਿੱਤੀ ਗਈ ਸੀ। ਇਸ ਨੂੰ ਮੱਦੇਨਜ਼ਰ ਰੱਖਦਿਆਂ ਅਮਰੀਕਾ ਦੀਆਂ ਕੁੱਝ ਸ਼ਖਸੀਅਤਾਂ ਸਰਗਰਮ ਹੋਈਆਂ ਹਨ। ਉਨ੍ਹਾਂ ਨੇ ਉਥੇ ਜਾ ਕੇ ਵੱਖ-ਵੱਖ ਸਥਾਨਕ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਇਸ ਅਸਥਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਸ਼ਖਸੀਅਤਾਂ ਵਿਚ ਪ੍ਰਮੁੱਖ ਹਨ ਹਰਜੀਤ ਸਿੰਘ ਸੋਢੀ, ਗੁਰਵਿੰਦਰ ਸਿੰਘ ਭਿੰਦਾ ਅਤੇ ਮਨਜੀਤ ਸਿੰਘ ਸ਼ਾਹੀ। ਇਨ੍ਹਾਂ ਆਗੂਆਂ ਨੇ ਪੰਜਾਬ ਮੇਲ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਅਸਥਾਨ ਦੀ ਉਸਾਰੀ ਲਈ ਜੱਦੋ-ਜਹਿਦ ਸ਼ੁਰੂ ਕੀਤੀ ਗਈ ਹੈ। ਸਥਾਨਕ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਮੇਂ ‘ਤੇ ਹੋਈਆਂ ਮੀਟਿੰਗਾਂ ਦੌਰਾਨ ਉਥੇ ਦੇ ਆਗੂਆਂ ਨੂੰ ਉਸ ਅਸਥਾਨ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਆਗੂਆਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਸ ਬਾਰੇ ਉੱਚ ਪੱਧਰ ‘ਤੇ ਵਿਚਾਰਿਆ ਜਾਵੇਗਾ। ਉਨ੍ਹਾਂ ਅਮਰੀਕਾ ਤੋਂ ਗਏ ਇਸ ਡੈਲੀਗੇਟ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ। ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਆਗੂਆਂ ਨੇ ਤਸੱਲੀ ਪ੍ਰਗਟ ਕੀਤੀ ਹੈ ਕਿ ਆਉਣ ਵਾਲਾ ਸਮਾਂ ਕੋਈ ਸਾਰਥਿਕ ਨਤੀਜੇ ਲੈ ਕੇ ਸਾਹਮਣੇ ਆਵੇਗਾ।