-ਡਰਾਈਵਿੰਗ ਟੈਸਟ ‘ਚ ਨਹੀਂ ਹੋਇਆ ਸੀ ਸਫਲ
– ਹਾਦਸੇ ਸਮੇਂ ਟਰੱਕ ਚਾਲਕ ਕੋਲ ਸੀ ਕੈਲੀਫੋਰਨੀਆ ਦਾ ਡਰਾਈਵਿੰਗ ਲਾਇਸੈਂਸ
ਵਾਸ਼ਿੰਗਟਨ, 27 ਅਕਤੂਬਰ (ਪੰਜਾਬ ਮੇਲ)- ਫਲੋਰਿਡਾ ਅਟਾਰਨੀ ਜਨਰਲ ਦਫ਼ਤਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਗਸਤ ਵਿਚ ਫਲੋਰਿਡਾ ‘ਚ ਵਾਪਰੇ ਭਿਆਨਕ ਹਾਦਸੇ ਜਿਸ ‘ਚ ਤਿੰਨ ਜਣਿਆਂ ਦੀ ਮੌਤ ਗਈ ਸੀ, ਨਾਲ ਸਬੰਧਿਤ ਮਾਮਲੇ ਵਿਚ ਟਰੱਕ ਚਾਲਕ ਹਰਜਿੰਦਰ ਸਿੰਘ ਨੇ ਵਾਸ਼ਿੰਗਟਨ ‘ਚ 2023 ‘ਚ ਦੋ ਮਹੀਨੇ ਅੰਦਰ 10 ਵਾਰ ਡਰਾਈਵਿੰਗ ਟੈਸਟ ਦਿੱਤਾ ਪਰ ਉਹ ਪਾਸ ਨਾ ਕਰ ਸਕਿਆ।
ਫਲੋਰਿਡਾ, ਹਰਜਿੰਦਰ ਸਿੰਘ ਦੇ ਮਾਮਲੇ ਨੂੰ ਆਧਾਰ ਬਣਾ ਰਿਹਾ ਹੈ, ਤਾਂ ਜੋ ਸੁਪਰੀਮ ਕੋਰਟ ਕੋਲ ਉਨ੍ਹਾਂ ਲੋਕਾਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਂ ਸੀ.ਡੀ.ਐੱਲ. ਜਾਰੀ ਕਰਨ ‘ਤੇ ਪੱਕੀ ਰੋਕ ਲਾਉਣ ਦੀ ਮੰਗ ਕੀਤੀ ਜਾ ਸਕੇ, ਜੋ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਵਸਨੀਕ ਨਹੀਂ। ਹਰਜਿੰਦਰ ਸਿੰਘ ‘ਤੇ ਅਮਰੀਕਾ ਅੰਦਰ ਗ਼ੈਰਕਾਨੂੰਨੀ ਢੰਗ ਨਾਲ ਰਹਿਣ ਦਾ ਦੋਸ਼ ਹੈ। ਇਸ ਵੱਖਰੇ ਮਾਮਲੇ ‘ਚ ਅਮਰੀਕਾ ਅੰਦਰ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਇੱਕ ਹੋਰ ਟਰੱਕ ਚਾਲਕ ‘ਤੇ ਵੀ ਇਸ ਹਫ਼ਤੇ ਦੱਖਣੀ ਕੈਲੀਫੋਰਨੀਆ ਫਰੀਵੇਅ ‘ਤੇ ਹਾਦਸਾ ਕਰਨ ਦਾ ਦੋਸ਼ ਹੈ, ਜਿਸ ‘ਚ ਤਿੰਨ ਮੌਤਾਂ ਹੋ ਗਈਆਂ ਹਨ। ਫਲੋਰਿਡਾ ਦੇ ਅਟਾਰਨੀ ਜਨਰਲ ਨੇ ਦੱਸਿਆ ਕਿ ਫਲੋਰਿਡਾ ਹਾਦਸੇ ਦਾ ਮੁਲਜ਼ਮ ਹਰਜਿੰਦਰ ਸਿੰਘ 10 ਮਾਰਚ 2023 ਤੋਂ 5 ਅਪ੍ਰੈਲ 2023 ਵਿਚਾਲੇ ਵਾਸ਼ਿੰਗਟਨ ‘ਚ ਡਰਾਈਵਿੰਗ ਲਾਇਸੈਂਸ ਲਈ ਹੋਈ ਲਿਖਤੀ ਪ੍ਰੀਖਿਆ ‘ਚ 10 ਵਾਰ ਫੇਲ੍ਹ ਹੋਇਆ ਸੀ। ਉਸ ਨੂੰ ਕੈਲੀਫੋਰਨੀਆ ਵੱਲੋਂ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਜਾਣ ਤੋਂ ਪਹਿਲਾਂ ਵਾਸ਼ਿੰਗਟਨ ਤੋਂ ਸੀ.ਡੀ.ਐੱਲ. ਜਾਰੀ ਕੀਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਹਾਦਸੇ ਸਮੇਂ ਉਸ ਕੋਲ ਕੈਲੀਫੋਰਨੀਆ ਦਾ ਕਾਨੂੰਨੀ ਸੀ.ਡੀ.ਐੱਲ. ਸੀ।
ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਦੀ ਵੈੱਬਸਾਈਟ ਅਨੁਸਾਰ ਕੈਲੀਫੋਰਨੀਆ ‘ਚ ਸਾਰੇ ਕਮਰਸ਼ੀਅਲ ਟਰੱਕ ਚਾਲਕਾਂ ਨੂੰ ਲਿਖਤੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ ਪਰ ਜੇ ਉਨ੍ਹਾਂ ਕੋਲ ਕਿਸੇ ਬਾਹਰੀ ਰਾਜ ਦਾ ਲਾਇਸੈਂਸ ਹੈ, ਤਾਂ ਉਨ੍ਹਾਂ ਨੂੰ ਡਰਾਈਵਿੰਗ ਟੈਸਟ ਤੋਂ ਛੋਟ ਦਿੱਤੀ ਜਾ ਸਕਦੀ ਹੈ।
ਫਲੋਰਿਡਾ ਹਾਦਸਾ: ਹਰਜਿੰਦਰ ਨੇ 2 ਮਹੀਨਿਆਂ ‘ਚ 10 ਵਾਰ ਦਿੱਤਾ ਸੀ ਡਰਾਈਵਿੰਗ ਟੈਸਟ

