-ਸੀ.ਬੀ.ਆਈ. ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ
ਚੰਡੀਗੜ੍ਹ, 19 ਅਕਤੂਬਰ (ਪੰਜਾਬ ਮੇਲ)- ਰਿਸ਼ਵਤ ਮਾਮਲੇ ਵਿਚ ਫੜੇ ਗਏ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਪੰਜਾਬ ਸਰਕਾਰ ਨੇ 16.10.2025 ਤੋਂ ਮੁਅੱਤਲ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ 48 ਘੰਟੇ ਬੀਤ ਚੁੱਕੇ ਹਨ। ਬੀਤੇ ਦਿਨੀਂ ਸੀ.ਬੀ.ਆਈ. ਨੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਨਿੱਜੀ ਵਿਅਕਤੀ ਨੂੰ 8 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਭੁੱਲਰ ਦੇ ਘਰੋਂ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਸੀ।
ਡੀ.ਆਈ.ਜੀ. ਅਤੇ ਉਨ੍ਹਾਂ ਦੇ ਏਜੰਟ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਸਪੈਸ਼ਲ ਸੀ.ਬੀ.ਆਈ. ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਸੀ.ਬੀ.ਆਈ. ਦੀ ਛਾਪੇਮਾਰੀ ਦੌਰਾਨ ਡੀ.ਆਈ.ਜੀ. ਦੀ ਚੰਡੀਗੜ੍ਹ ਸਥਿਤ ਕੋਠੀ ਅਤੇ ਲੁਧਿਆਣਾ ਦੇ ਸਮਰਾਲਾ ਫਾਰਮ ਹਾਊਸ ਤੋਂ ਵੱਡੀ ਗਿਣਤੀ ‘ਚ ਕੀਮਤੀ ਸਾਮਾਨ ਬਰਾਮਦ ਕੀਤਾ ਗਿਆ ਹੈ।
ਸੀ.ਬੀ.ਆਈ. ਟੀਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਚੰਡੀਗੜ੍ਹ ਦੀ ਆਪਣੀ ਕੋਠੀ ਵਿਚ ਕੈਸ਼ ਅਤੇ ਸੋਨਾ 5 ਵੱਖ-ਵੱਖ ਥਾਵਾਂ ‘ਤੇ ਲੁਕੋਇਆ ਹੋਇਆ ਸੀ। ਸੂਤਰਾਂ ਮੁਤਾਬਕ ਡੀ.ਆਈ.ਜੀ. ਨੇ ਕੈਸ਼ ਬੈੱਡ ਦੇ ਅੰਦਰ ਰੱਖਿਆ ਹੋਇਆ ਸੀ, ਕੈਸ਼ ਨਾਲ ਭਰੀ ਇਕ ਥਾਂ ਕਰੌਕਰੀ ਦੀ ਅਲਮਾਰੀ ਦੇ ਹੇਠਲੇ ਹਿੱਸੇ ਵਿਚ ਸੀ, ਜਿਸ ਨੂੰ ਲਾਕ ਕੀਤਾ ਗਿਆ ਸੀ। ਸੋਨਾ 2 ਅਲਮਾਰੀਆਂ ਵਿਚ ਲੁਕੋ ਕੇ ਰੱਖਿਆ ਗਿਆ ਸੀ। ਨਕਦੀ ਅਤੇ ਸੋਨੇ ਨੂੰ ਇਸ ਤਰੀਕੇ ਨਾਲ ਰੱਖਿਆ ਗਿਆ ਸੀ ਕਿ ਬਾਹਰੋਂ ਦੇਖਣ ਵਾਲੇ ਨੂੰ ਕੋਈ ਸ਼ੱਕ ਨਾ ਹੋਵੇ।
ਚੰਡੀਗੜ੍ਹ ਦੇ ਸੈਕਟਰ-40 ਵਾਲੀ ਕੋਠੀ ਤੋਂ ਸੀ.ਬੀ.ਆਈ. ਨੂੰ ਭਾਰੀ ਮਾਤਰਾ ਵਿਚ ਨਕਦੀ ਅਤੇ ਹੋਰ ਕੀਮਤੀ ਸਮਾਨ ਮਿਲਿਆ। ਇਸ ਵਿਚ 7.5 ਕਰੋੜ ਰੁਪਏ ਦੀ ਨਕਦੀ ਸ਼ਾਮਲ ਹੈ। ਨੋਟਾਂ ਦੀਆਂ ਥੱਦੀਆਂ ਇੰਨੀਆਂ ਜ਼ਿਆਦਾ ਸਨ ਕਿ ਉਨ੍ਹਾਂ ਦੀ ਗਿਣਤੀ ਲਈ 3 ਮਸ਼ੀਨਾਂ ਮੰਗਵਾਈਆਂ ਗਈਆਂ। ਇਸ ਤੋਂ ਇਲਾਵਾ ਢਾਈ ਕਿੱਲੋ ਦੇ ਕਰੀਬ ਸੋਨਾ, ਰੋਲੈਕਸ ਅਤੇ ਰਾਡੋ ਸਣੇ ਕਈ ਬੇਸ਼ਕੀਮਤੀ ਘੜੀਆਂ ਮਿਲੀਆਂ, ਜਿਨ੍ਹਾਂ ਵਿਚੋਂ ਇਕ ਘੜੀ ਦੀ ਸ਼ੁਰੂਆਤੀ ਕੀਮਤ ਹੀ 2 ਤੋਂ 5 ਲੱਖ ਰੁਪਏ ਹੈ। ਇਸ ਤੋਂ ਇਲਾਵਾ 50 ਪ੍ਰਾਪਰਟੀਆਂ ਦੇ ਕਾਗਜ਼ਾਤ ਅਤੇ ਬੈਂਕ ਲਾਕਰ ਦੀਆਂ ਚਾਬੀਆਂ ਵੀ ਮਿਲੀਆਂ ਹਨ।
ਡੀ.ਆਈ.ਜੀ. ਭੁੱਲਰ ਮਹਿੰਗੀ ਸ਼ਰਾਬ ਦਾ ਸ਼ੌਕ ਰੱਖਦੇ ਸਨ। ਲੁਧਿਆਣਾ ਦੇ ਸਮਰਾਲਾ ਵਿਚ ਸਥਿਤ ਫਾਰਮ ਹਾਊਸ ਤੋਂ ਸ਼ਰਾਬ ਦੀਆਂ 108 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਕੁਝ ਬੋਤਲਾਂ ਦੀ ਕੀਮਤ 50 ਹਜ਼ਾਰ ਰੁਪਏ ਤੋਂ ਵੀ ਵੱਧ ਦੱਸੀ ਗਈ ਹੈ।
ਚੰਡੀਗੜ੍ਹ ਸੀ.ਬੀ.ਆਈ. ਅਦਾਲਤ ਵਿਚ ਪੇਸ਼ੀ ਦੌਰਾਨ ਡੀ.ਆਈ.ਜੀ. ਭੁੱਲਰ ਨੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ ਅਤੇ ਉਹ ਇਹ ਗੱਲ ਅਦਾਲਤ ਵਿਚ ਸਾਬਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਅਦਾਲਤ ਇਨਸਾਫ ਕਰੇਗੀ।
ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਮੁਅੱਤਲ
