#INDIA

ਏਅਰ ਇੰਡੀਆ ਦੀ ਮਿਲਾਨ ਤੋਂ ਦਿੱਲੀ ਉਡਾਣ ਰੱਦ

-ਤਕਨੀਕੀ ਖਰਾਬੀ ਕਾਰਨ ਇਟਲੀ ‘ਚ ਫਸੇ 250 ਯਾਤਰੀ; ਜ਼ਿਆਦਾਤਰ ਯਾਤਰੀ ਦੀਵਾਲੀ ਵਾਲੇ ਦਿਨ ਵਤਨ ਪਰਤਣਗੇ
ਨਵੀਂ ਦਿੱਲੀ, 19 ਅਕਤੂਬਰ (ਪੰਜਾਬ ਮੇਲ)- ਏਅਰ ਇੰਡੀਆ ਦੇ ਡਰੀਮਲਾਈਨਰ ਜਹਾਜ਼ ਨੂੰ ਇਟਲੀ ਦੇ ਮਿਲਾਨ ਹਵਾਈ ਅੱਡੇ ‘ਤੇ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਦਿੱਲੀ ਆਉਣ ਵਾਲੀ ਇਹ ਉਡਾਣ ਰੱਦ ਕਰਨੀ ਪਈ ਅਤੇ 250 ਤੋਂ ਵੱਧ ਯਾਤਰੀ ਇਟਲੀ ਵਿਚ ਫਸ ਗਏ। ਇਨ੍ਹਾਂ ਵਿਚੋਂ ਜ਼ਿਆਦਾਤਰ ਯਾਤਰੀਆਂ ਨੂੰ 20 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਦਿੱਲੀ ਭੇਜਿਆ ਜਾਵੇਗਾ।
ਏਅਰ ਇੰਡੀਆ ਨੇ ਕਿਹਾ ਕਿ 17 ਅਕਤੂਬਰ ਨੂੰ ਮਿਲਾਨ ਤੋਂ ਦਿੱਲੀ ਜਾਣ ਵਾਲੀ ਉਡਾਣ ਏ.ਆਈ.138 ਨੂੰ ਤਕਨੀਕੀ ਸਮੱਸਿਆ ਕਰ ਕੇ ਰੱਦ ਕਰ ਦਿੱਤਾ ਗਿਆ ਸੀ। ਇਸ ਸਬੰਧੀ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਉਹ ਦੀਵਾਲੀ ਤੋਂ ਪਹਿਲਾਂ ਆਪਣੇ ਦੇਸ਼ ਆਉਣਾ ਚਾਹੁੰਦੇ ਸਨ ਪਰ ਏਅਰ ਇੰਡੀਆ ਦੀ ਉਡਾਣ ਕਾਰਨ ਇਟਲੀ ਵਿਚ ਫਸ ਗਏ ਹਨ।
ਏਅਰ ਇੰਡੀਆ ਨੇ ਕਿਹਾ ਕਿ ਉਨ੍ਹਾਂ ਸਾਰੇ ਯਾਤਰੀਆਂ ਨੂੰ ਹੋਟਲ ਵਿਚ ਰਿਹਾਇਸ਼ ਪ੍ਰਦਾਨ ਕੀਤੀ ਗਈ ਤੇ ਏਅਰ ਇੰਡੀਆ ਅਤੇ ਹੋਰ ਏਅਰਲਾਈਨਾਂ ਵਿਚ ਸੀਟ ਉਪਲਬਧ ਹੋਣ ਦੇ ਆਧਾਰ ‘ਤੇ ਯਾਤਰੀਆਂ ਨੂੰ 20 ਅਕਤੂਬਰ ਨੂੰ ਜਾਂ ਉਸ ਤੋਂ ਬਾਅਦ ਦੀਆਂ ਉਡਾਣਾਂ ਵਿਚ ਦਿੱਲੀ ਲਿਆਂਦਾ ਜਾਵੇਗਾ। ਇਸ ਉਡਾਣ ਵਿਚ ਇੱਕ ਯਾਤਰੀ ਦਾ ਸ਼ੈਂਨੇਗਨ ਵੀਜ਼ਾ 20 ਅਕਤੂਬਰ ਨੂੰ ਖਤਮ ਹੋ ਰਿਹਾ ਹੈ, ਨੂੰ 19 ਅਕਤੂਬਰ ਨੂੰ ਮਿਲਾਨ ਤੋਂ ਰਵਾਨਾ ਹੋਣ ਵਾਲੀ ਇੱਕ ਹੋਰ ਉਡਾਣ ਵਿਚ ਭੇਜਿਆ ਜਾਵੇਗਾ। ਸੂਤਰਾਂ ਅਨੁਸਾਰ ਇਸ ਉਡਾਣ ਵਿਚ 250 ਤੋਂ ਵੱਧ ਯਾਤਰੀ ਸਵਾਰ ਸਨ।