-ਇਕ-ਦੂਜੇ ‘ਤੇ ਤਾਣੇ ਪਿਸਤੌਲ
ਚੰਡੀਗੜ੍ਹ, 15 ਅਕਤੂਬਰ (ਪੰਜਾਬ ਮੇਲ)- ਪੰਜਾਬ ਦੀ ਖਾਲੀ ਰਾਜ ਸਭਾ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅ ਆਜ਼ਾਦ ਉਮੀਦਵਾਰ ਨਵਨੀਤ ਚੁਤਰਵੇਦੀ ਨੂੰ ਗ੍ਰਿਫ਼ਤਾਰ ਕਰਨ ਲਈ ਤਣਾਅ ਏਨਾ ਵਧ ਗਿਆ ਕਿ ਰੋਪੜ ਤੋਂ ਆਈ ਪੰਜਾਬ ਪੁਲਿਸ ਦੀ ਟੀਮ ਤੇ ਚੰਡੀਗੜ੍ਹ ਪੁਲਿਸ ‘ਚ ਤਣਾਅ ਏਨਾ ਵਧ ਗਿਆ ਕਿ ਦੋਵਾਂ ਨੇ ਇਕ ਦੂਜੇ ਖ਼ਿਲਾਫ਼ ਪਿਸਤੌਲਾਂ ਤਾਣ ਦਿੱਤੀਆਂ। ਨਵਨੀਤ ਚਤੁਰਵੇਦੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 6 ਤੇ 13 ਅਕਤੂਬਰ ਨੂੰ ਦੋ ਵਾਰ ਦਾਖ਼ਲ ਨਾਮਜ਼ਦਗੀ ਪੱਤਰਾਂ ‘ਚ ਪੰਜਾਬ ਆਮ ਆਦਮੀ ਪਾਰਟੀ ਦੇ ਵੀਹ ਵਿਧਾਇਕਾਂ ਨੂੰ ‘ਪ੍ਰਸਤਾਵਕ’ ਦਿਖਾ ਕੇ ਉਨ੍ਹਾਂ ਦੇ ਹਸਤਾਖਰ ਫ਼ਰਜ਼ੀ ਢੰਗ ਨਾਲ ਕੀਤੇ ਸਨ। ਸਾਰੇ 20 ਵਿਧਾਇਕਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੇ ਨਵਨੀਤ ਨੂੰ ਕੋਈ ਸਮਰਥਨ ਨਹੀਂ ਦਿੱਤਾ, ਇਹ ਵੱਡਾ ਫ਼ਰਜ਼ੀਵਾੜਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਸੂਬੇ ਦੇ ਕਈ ਸ਼ਹਿਰਾਂ ‘ਚ ਨਵਨੀਤ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ। ਰੋਪੜ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਰੋਪੜ ‘ਚ ਦਰਜ ਐੱਫ.ਆਈ.ਆਰ. ਦੇ ਆਧਾਰ ‘ਤੇ ਪੁਲਿਸ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਚੰਡੀਗੜ੍ਹ ਪੁੱਜੀ ਸੀ।
ਨਾਮਜ਼ਦਗੀ ਖ਼ਾਰਜ ਹੋਣ ਤੋਂ ਬਾਅਦ ਨਵਨੀਤ ਚਤੁਰਵੇਦੀ ਜਦੋਂ ਵਿਧਾਨ ਸਭਾ ਕੰਪਲੈਕਸ ਤੋਂ ਬਾਹਰ ਨਿਕਲੇ, ਤਾਂ ਉਨ੍ਹਾਂ ਨੂੰ ਪ੍ਰਸਤਾਵਕ ਵਿਧਾਇਕਾਂ ਦੇ ਜਾਅਲੀ ਹਸਤਾਖਰ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕਰਨ ਲਈ ਐੱਸ.ਪੀ. ਤੇ ਡੀ.ਐੱਸ.ਪੀ. ਸਮੇਤ ਪੰਜਾਬ ਪੁਲਿਸ ਪੁੱਜੀ ਹੋਈ ਸੀ। ਪੰਜਾਬ ਪੁਲਿਸ ਨੇ ਨਵਨੀਤ ਨੂੰ ਫੜਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਪੁਲਿਸ ਨਾਲ ਬਹਿਸ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਚੰਡੀਗੜ੍ਹ ਪੁਲਿਸ ਨੇ ਨਵਨੀਤ ਨੂੰ ਆਪਣੀ ਸੁਰੱਖਿਆ ‘ਚ ਲੈ ਲਿਆ ਤੇ ਉਨ੍ਹਾਂ ਨੂੰ ਲੈ ਕੇ ਆਪਣੀਆਂ ਗੱਡੀਆਂ ਤੇਜ਼ੀ ਨਾਲ ਉੱਥੋਂ ਕੱਢੀਆਂ। ਪੰਜਾਬ ਪੁਲਿਸ ਨੇ ਚੰਡੀਗੜ੍ਹ ਪੁਲਿਸ ਦਾ ਪਿੱਛਾ ਕੀਤਾ ਤੇ ਸੁਖਣਾ ਲੇਕ ਨੇੜੇ ਚੰਡੀਗੜ੍ਹ ਪੁਲਿਸ ਦੀਆਂ ਗੱਡੀਆਂ ਰੋਕ ਲਈਆਂ। ਇੱਥੇ ਦੋਵਾਂ ਪੁਲਿਸ ਟੀਮਾਂ ‘ਚ ਬਹਿਸ ਹੋਈ, ਜਿਸਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ‘ਚ ਚੰਡੀਗੜ੍ਹ ਪੁਲਿਸ ਦੇ ਸੈਕਟਰ-3 ਥਾਣਾ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਆਪਣੀ ਗੱਡੀ ਦੇ ਉੱਪਰ ਚੜ੍ਹੇ ਬੈਠੇ ਦਿਖਾਈ ਦੇ ਰਹੇ ਹਨ, ਜਿਸ ‘ਚ ਨਵਨੀਤ ਵੀ ਮੌਜੂਦ ਹੈ। ਪੰਜਾਬ ਪੁਲਿਸ ਦੇ ਸਿਵਲ ਕੱਪੜਿਆਂ ‘ਚ ਆਏ ਜਵਾਨਾਂ ਨੇ ਗੱਡੀ ਨੂੰ ਘੇਰ ਲਿਆ ਸੀ। ਪੰਜਾਬ ਪੁਲਿਸ ਦੇ ਐੱਸ.ਪੀ. ਪਟਿਆਲ ਨੂੰ ਗੱਡੀ ‘ਤੋਂ ਉਤਰਣ ਦਾ ਕਹਿੰਦੇ ਹਨ ਤੇ ਪਟਿਆਲ ਕਹਿੰਦੇ ਹਨ ਕਿ ਮੈਂ ਕਿਸੇ ਤੋਂ ਡਰਦਾ ਨਹੀਂ। ਇਸ ‘ਤੇ ਐੱਸ.ਪੀ. ਜਵਾਬ ਦਿੰਦੇ ਹਨ ਕਿ ਫਿਰ ਇਸੇ ਤਰ੍ਹਾਂ ਗੱਡੀ ‘ਚ ਬੈਠੇ ਰਹੋ। ਤਣਾਅ ਵਧਣ ਤੋਂ ਬਾਅਦ ਉਹ ਨਵਨੀਤ ਨੂੰ ਆਪਣੇ ਨਾਲ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ਲੈ ਗਈ।
ਰਾਜਸਭਾ ਉਮੀਦਵਾਰ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੇ ਚੰਡੀਗੜ੍ਹ ਪੁਲਿਸ ਵਿਚਕਾਰ ਵਧਿਆ ਤਣਾਅ
