-ਕੋਵਿਡ ਮਹਾਮਾਰੀ (2020) ਤੋਂ ਬਾਅਦ ਸਭ ਤੋਂ ਘੱਟ ਦੱਸੀ ਜਾ ਰਹੀ ਹੈ ਇਹ ਗਿਣਤੀ
– ਟਰੰਪ ਨੀਤੀਆਂ ਕਾਰਨ ਯੂਨੀਵਰਸਿਟੀਆਂ ‘ਚ ਘਟਦੀ ਜਾ ਰਹੀ ‘ਰੌਣਕ’
ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵੀਜ਼ਾ ਨੀਤੀਆਂ ਕਾਰਨ ਅਮਰੀਕੀ ਯੂਨੀਵਰਸਿਟੀਆਂ ‘ਚ ਸਰਦ ਸਮੈਸਟਰ ਦੀ ਸ਼ੁਰੂਆਤ ਤੋਂ ਪਹਿਲਾਂ ਅਗਸਤ ‘ਚ ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਆਮਦ ਵਿਚ ਭਾਰੀ ਗਿਰਾਵਟ ਆਈ ਹੈ। ਵਿਦਿਆਰਥੀਆਂ ਦੀ ਆਮਦ ਦੀ ਇਹ ਗਿਣਤੀ ਕੋਵਿਡ ਮਹਾਮਾਰੀ (2020) ਤੋਂ ਬਾਅਦ ਸਭ ਤੋਂ ਘੱਟ ਦੱਸੀ ਜਾ ਰਹੀ ਹੈ, ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਹ ਗਿਰਾਵਟ 44 ਫੀਸਦੀ ਤੋਂ ਵੱਧ ਹੈ।
ਵਣਜ ਵਿਭਾਗ ਦੇ ਅਧੀਨ ਇਕ ਅਮਰੀਕੀ ਸਰਕਾਰੀ ਏਜੰਸੀ ਅੰਤਰਰਾਸ਼ਟਰੀ ਵਪਾਰ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਇਸ ਸਾਲ ਅਗਸਤ ‘ਚ 41,540 ਭਾਰਤੀ ਵਿਦਿਆਰਥੀ ਵੀਜ਼ਾ (ਐੱਫ ਅਤੇ ਐੱਮ ਸ਼੍ਰੇਣੀਆਂ) ‘ਤੇ ਅਮਰੀਕਾ ਪਹੁੰਚੇ। ਇਹ ਗਿਣਤੀ 2020 ਤੋਂ ਬਾਅਦ ਸਭ ਤੋਂ ਘੱਟ ਹੈ, ਜਦੋਂ ਮਹਾਮਾਰੀ ਕਾਰਨ ਯਾਤਰਾ ਪਾਬੰਦੀਆਂ ਲਾਗੂ ਸਨ। 2021 ਵਿਚ ਸਟੂਡੈਂਟ ਵੀਜ਼ਾ ‘ਤੇ 56,000 ਤੋਂ ਵੱਧ ਭਾਰਤੀ ਆਏ, ਜੋ 2022 ‘ਚ ਵਧ ਕੇ 80,486 ਅਤੇ 2023 ਵਿਚ 93,833 ਹੋ ਗਏ। ਅਗਸਤ 2024 ‘ਚ ਇਹ ਗਿਣਤੀ ਘੱਟ ਕੇ 74,825 ਹੋ ਗਈ ਸੀ। ਮਹਾਮਾਰੀ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਭਾਵ ਪਹਿਲੇ ਸਾਲ ਅਗਸਤ 2017 ਵਿਚ ਭਾਰਤੀ ਵਿਦਿਆਰਥੀਆਂ ਦੀ ਆਮਦ ਘਟ ਕੇ 41,192 ਹੋ ਗਈ ਸੀ ਅਤੇ 2018 ਅਤੇ 2019 ‘ਚ ਇਹ ਲਗਭਗ 41,000 ਰਹੀ। ਮਹਾਮਾਰੀ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਦੇ ਦੂਜੇ ਕਾਰਜਕਾਲ ਦੇ ਆਖਰੀ ਦੋ ਸਾਲਾਂ ‘ਚ ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਆਮਦ ਇਸ ਅਗਸਤ ਦੇ ਮੁਕਾਬਲੇ ਵੱਧ ਸੀ। ਪਿਛਲੇ ਸਾਲਾਂ ਦੇ ਅੰਕੜੇ ਦਰਸਾਉਂਦੇ ਹਨ ਕਿ ਅਗਸਤ/ਸਤੰਬਰ ‘ਚ ਸ਼ੁਰੂ ਹੋਣ ਵਾਲੇ ਸਮੈਸਟਰ ਦੇ ਨਾਲ ਸਟੂਡੈਂਟ ਵੀਜ਼ਾ ‘ਤੇ ਆਮਦ ਆਮ ਤੌਰ ‘ਤੇ ਅਗਸਤ ‘ਚ ਸਿਖਰ ‘ਤੇ ਹੁੰਦੀ ਹੈ।
ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਆਮਦ ‘ਚ ਭਾਰੀ ਗਿਰਾਵਟ!
