#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਝੋਨੇ ਦੇ ਸੀਜ਼ਨ ਦੌਰਾਨ ਟਰਾਲੀਆਂ ਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਲਗਾਏ ਰਿਫਲੈਕਟਰ

ਕੀਮਤੀ ਜਾਨਾਂ ਬਚਾਉਣ ਲਈ ਹਰ ਸਾਲ ਲੱਖਾਂ ਦੀ ਤਾਦਾਦ ‘ਚ ਲਗਾਏ ਜਾਂਦੇ ਹਨ ਰਿਫਲੈਕਟਰ : ਡਾ. ਓਬਰਾਏ
ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿਚ ਕੀਮਤੀ ਜਾਨਾਂ ਬਚਾਉਣ ਲਈ ਹਰ ਸਾਲ ਲੱਖਾਂ ਦੀ ਤਾਦਾਦ ‘ਚ ਵਹੀਕਲਾਂ ‘ਤੇ ਮੁਫ਼ਤ ਰਿਫਲੈਕਟਰ ਡਾਕਟਰ ਓਬਰਾਏ ਵਲੋਂ ਜ਼ਿਲ੍ਹਾ ਟੀਮਾਂ ਰਾਹੀਂ ਲਗਵਾਏ ਜਾਂਦੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਤਰਸੇਮ ਸਿੰਘ ਟ੍ਰੈਫਿਕ ਪੁਲਿਸ ਇੰਚਾਰਜ ਦੀ ਰਹਿਨੁਮਾਈ ਹੇਠ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ ਦੀ ਹਾਜ਼ਰੀ ਵਿਚ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਟਰਾਲੀਆਂ ‘ਤੇ ਰਿਫਲੈਕਟਰ ਲਗਾਏ ਗਏ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਟਰੈਕਟਰ ਟਰਾਲੀਆਂ ਦਿਨ ਰਾਤ ਚੱਲਦੀਆਂ ਹਨ, ਅਕਸਰ ਹੀ ਕਿਸਾਨਾਂ ਦੀਆਂ ਟਰਾਲੀਆਂ ਅਤੇ ਯੂਨੀਅਨ ਦੀਆਂ ਟਰਾਲੀਆਂ ‘ਤੇ ਰਿਫਲੈਕਟਰ ਨਹੀਂ ਲੱਗੇ ਹੁੰਦੇ। ਇਸ ਕਰਕੇ ਐਕਸੀਡੈਂਟ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ, ਮਾਸਟਰ ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ, ਸੋਮ ਨਾਥ, ਜਸਬੀਰ ਸਿੰਘ ਰਿਟਾ. ਏ.ਐੱਸ.ਆਈ., ਹਰਭਗਵਾਨ ਸਿੰਘ ਖੱਪਿਆਂਵਾਲ਼ੀ ਵਾਲੀ, ਕਾਲ਼ਾ ਸਿੰਘ ਖੱਪਿਆਂਵਾਲ਼ੀ ਵਾਲੀ, ਸ੍ਰੀ ਮੁਕਤਸਰ ਸਾਹਿਬ ਦੀ ਟ੍ਰੈਫਿਕ ਪੁਲਿਸ, ਜਸਕਰਨ ਸਿੰਘ ਬੂੜਾ ਗੁੱਜਰ ਖਜ਼ਾਨਚੀ ਕੌਮੀ ਕਿਸਾਨ ਯੂਨੀਅਨ, ਹੈਪੀ ਬਰਾੜ ਇਕਾਈ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਸੇਰਬਾਜ ਸਿੰਘ ਬਰਾੜ, ਬਲਜੀਤ ਸਿੰਘ ਕੱਚਾ ਆੜ੍ਹਤੀਆ, ਟਰੈਕਟਰ ਟਰਾਲੀ ਯੂਨੀਅਨ ਦੇ ਆਗੂ ਮੌਜੂਦ ਸਨ।