-ਹਜ਼ਾਰਾਂ ਕਾਮਿਆਂ ਦੇ ਰੁਜ਼ਗਾਰ ‘ਤੇ ਮੰਡਰਾਇਆ ਖਤਰਾ
ਸੂਰਤ, 6 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵੱਲੋਂ ਹੀਰਿਆਂ ਅਤੇ ਗਹਿਣਿਆਂ ‘ਤੇ ਟੈਰਿਫ਼ ਵਧਾਉਣ ਦੇ ਫੈਸਲੇ ਤੋਂ ਬਾਅਦ ਦੁਨੀਆਂ ਭਰ ‘ਚ ਹੀਰਿਆਂ ਲਈ ਮਸ਼ਹੂਰ ਸੂਰਤ ‘ਚ ਮੰਦੀ ਵਾਲਾ ਮਾਹੌਲ ਬਣ ਗਿਆ ਹੈ। ਉਦਯੋਗ ਮੰਡਲਾਂ ਦਾ ਕਹਿਣਾ ਹੈ ਕਿ ਇਸ ਟੈਰਿਫ਼ ਦੇ ਐਲਾਨ ਕਾਰਨ ਨਿਰਯਾਤ ਘੱਟ ਰਹੇ ਹਨ ਅਤੇ ਹਜ਼ਾਰਾਂ ਮਜ਼ਦੂਰਾਂ ਦੇ ਰੁਜ਼ਗਾਰ ‘ਤੇ ਖ਼ਤਰਾ ਮੰਡਰਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਹੀਰਿਆਂ ਅਤੇ ਕੀਮਤੀ ਰਤਨ ‘ਤੇ ਟੈਰਿਫ਼ ਵਧਾ ਕੇ 55 ਫੀਸਦੀ ਤੱਕ ਕਰ ਦਿੱਤਾ ਹੈ। ਇਸ ਨਾਲ ਭਾਰਤੀ ਨਿਰਯਾਤਕਾਰਾਂ ਨੂੰ ਗੰਭੀਰ ਝਟਕਾ ਲੱਗਾ ਹੈ ਕਿਉਂਕਿ ਅਮਰੀਕਾ ਭਾਰਤ ਲਈ ਹੀਰਿਆਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ।
ਸੂਰਤ ਦੇ ਕਈ ਕਾਰਖਾਨਿਆਂ ਨੇ ਉਤਪਾਦਨ ਘਟਾ ਦਿੱਤਾ ਹੈ ਅਤੇ ਕੁਝ ਨੇ ਦਿਵਾਲੀ ਤੋਂ ਬਾਅਦ ਲਾਕਡਾਊਨ ਕਰਨ ਦਾ ਫੈਸਲਾ ਕਰ ਲਿਆ ਹੈ। ਰਿਪੋਰਟਾਂ ਮੁਤਾਬਕ ਆਰਡਰਾਂ ਦੀ ਗਿਣਤੀ ਵਿਚ 30 ਤੋਂ 40 ਫੀਸਦੀ ਤੱਕ ਕਮੀ ਆਈ ਹੈ, ਜਿਸ ਕਾਰਨ ਕੰਮਕਾਜ ਮੰਦਾ ਚੱਲ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਮਿਆਂ ਦੀਆਂ ਤਨਖਾਹਾਂ ‘ਚ 5,000 ਤੋਂ 10,000 ਹਜ਼ਾਰ ਤੱਕ ਕਟੌਤੀ ਵੀ ਕੀਤੀ ਜਾ ਸਕਦੀ ਹੈ।
ਇਕ ਮਜ਼ਦੂਰ ਨੇ ਦੱਸਿਆ ਕਿ ਉਹ ਜਿਸ ਫੈਕਟਰੀ ‘ਚ ਹੀਰੇ ਤਰਾਸ਼ਣ ਦਾ ਕੰਮ ਕਰਦਾ ਸੀ, ਉੱਥੇ ਹੁਣ ਕੰਮ ਨਹੀਂ ਹੈ, ਜਿਸ ਕਾਰਨ ਉਹ ਘਰ ਚਲਾਉਣ ਲਈ ਹੁਣ ਟੈਕਸੀ ਚਲਾ ਰਿਹਾ ਹੈ। ਇਸ ਤੋਂ ਇਲਾਵਾ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਟੈਰਿਫ਼ ਘਟਾਉਣ ਲਈ ਅਮਰੀਕਾ ਨਾਲ ਗੱਲਬਾਤ ਨਾ ਕੀਤੀ ਗਈ, ਤਾਂ ਸੂਰਤ ਦਾ ਹੀਰਾ ਉਦਯੋਗ ਆਪਣੀ ਦਹਾਕਿਆਂ ਪੁਰਾਣੀ ਚਮਕ ਗੁਆ ਸਕਦਾ ਹੈ, ਜਿਸ ਕਾਰਨ ਲੱਖਾਂ ਪਰਿਵਾਰਾਂ ਦੀ ਰੋਜ਼ੀ ਜੁੜੀ ਹੋਈ ਹੈ।
ਟਰੰਪ ਦੇ ਟੈਰਿਫ਼ ਕਾਰਨ ਸੂਰਤ ਦੀ ਹੀਰਾ ਇੰਡਸਟਰੀ ‘ਚ ਮੰਦੀ ਦਾ ਮਾਹੌਲ!
