#PUNJAB

ਭੁਲੱਥ ਦੇ 23 ਸਾਲਾ ਦੇ ਨੌਜਵਾਨ ਕਰਨਬੀਰ ਸਿੰਘ ਨੇ ਵਧਾਇਆ ਭੁਲੱਥ ਅਤੇ ਮਾਪਿਆ ਦਾ ਮਾਣ ਅਮਰੀਕਾ

-ਏਅਰਫੋਰਸ ‘ਚ ਬਣਿਆ ਲਾਅ ਇਨਫੌਰਸਮੈਂਟ ਅਫ਼ਸਰ
ਨਿਊਯਾਰਕ, 27 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਬੋਸਟਨ ‘ਚ ਰਹਿੰਦੇ ਭੁਲੱਥ ਦੇ ਨੌਜਵਾਨ ਕਰਨਬੀਰ ਸਿੰਘ ਨੇ ਅਮਰੀਕਾ ਦੀ ਏਅਰਫੋਰਸ ਵਿਚ ਆਪਣੀ ਲਗਨ ਅਤੇ ਪੜ੍ਹਾਈ ਦੇ ਨਾਲ ਮੁਕਾਮ ਹਾਸਲ ਕਰਕੇ ਏਅਰਫੋਰਸ ਵਿਚ 23 ਕੁ ਸਾਲ ਦੀ ਉਮਰ ‘ਚ ਅਫਸਰ ਬਣਿਆ ਹੈ। ਕਰਨਬੀਰ ਸਿੰਘ ਸਪੁੱਤਰ ਬਲਜਿੰਦਰ ਸਿੰਘ ਭੁਲੱਥ ਜੋ ਸੰਨ 2013 ‘ਚ ਅਮਰੀਕਾ ਦੇ ਸੂਬੇ ਮੈਸੇਚਿਉਸੇਟਸ ਦੇ ਸ਼ਹਿਰ ਬੋਸਟਨ ਵਿਚ ਆਇਆ ਸੀ, ਜਿੱਥੇ ਉਸ ਨੇ ਆਪਣੀ ਮਿਹਨਤ ਲਗਨ ਦੇ ਨਾਲ ਪੜ੍ਹਾਈ ਕਰਕੇ ਯੂ.ਐੱਸ.ਏ. ਏਅਰਫੋਰਸ ਵਿਚ ਭਰਤੀ ਹੋ ਕੇ ਮਾਪਿਆਂ ਅਤੇ ਭੁਲੱਥ ਦਾ ਮਾਣ ਵਧਾਇਆ ਹੈ। ਕਰਨਬੀਰ ਸਿੰਘ ਮੁਤਾਬਕ ਉਸ ਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਉੱਤਰੀ ਐਡੋਵਰ ਜੋ ਮੈਸੇਚਿਉਸੇਟਸ ਰਾਜ ਦੇ ਸਕੂਲ ਤੋਂ ਕਰਨ ਉਪਰੰਤ ਅੰਡਰ ਗ੍ਰੈਜੂਏਟ ਯੂਨੀਵਰਸਿਟੀ ਬੋਸਟਨ ਤੋਂ ਕ੍ਰਿਮੀਨਲ ਜਸਟਿਸ (ਲਾਅ) ਦੀ ਡਿਗਰੀ ਪ੍ਰਾਪਤ ਕਰਕੇ, ਅਮਰੀਕਾ ਦੇ ਟੈਕਸਾਸ ਰਾਜ ਦੇ ਏਅਰਫੋਰਸ ਹੈੱਡਕੁਆਟਰ ਤੋਂ ਟ੍ਰੇਨਿੰਗ ਕਰਕੇ, ਇਹ ਪ੍ਰਾਪਤੀ ਹਾਸਲ ਕੀਤੀ। ਨੌਜਵਾਨ ਕਰਨਬੀਰ ਸਿੰਘ ਭੁਲੱਥ ਦੇ ਸਰਪੰਚ ਅਤੇ ਬਾਅਦ ‘ਚ ਨੰਬਰਦਾਰ ਰਹੇ ਸਵ: ਖਜਾਨ ਸਿੰਘ ਦਾ ਪੋਤਰਾ ਹੈ। ਕਰਨਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਤਾਇਨਾਤੀ 30 ਨਵੰਬਰ 2025 ਨੂੰ ਇਟਲੀ ਦੇ ਐਵੀਆਨੋ ਟਾਊਨ ਦੇ ਏਅਰਬੇਸ ਵਿਚ ਹੋਈ ਹੈ।