#EUROPE

ਚੀਨ ਨੇ ਦੁਨੀਆਂ ਭਰ ਦੇ ਪੇਸ਼ੇਵਰਾਂ ਲਈ ਖੋਲ੍ਹੇ ਆਪਣੇ ਦਰਵਾਜ਼ੇ; ‘ਕੇ ਵੀਜ਼ਾ’ ਦੀ ਸ਼ੁਰੂਆਤ ਦਾ ਐਲਾਨ

-ਅਮਰੀਕਾ ਦੇ ਐੱਚ.-1ਬੀ. ਵੀਜ਼ਾ ਨੂੰ ਦੇਵੇਗਾ ਟੱਕਰ!
ਬੀਜਿੰਗ, 23 ਸਤੰਬਰ (ਪੰਜਾਬ ਮੇਲ)- ਅਮਰੀਕੀ ਵੀਜ਼ਾ ਨਿਯਮਾਂ ਨੂੰ ਲੈ ਕੇ ਸਿਰਫ਼ ਭਾਰਤ ਹੀ ਨਹੀਂ, ਸਗੋਂ ਦੁਨੀਆਂ ਭਰ ਦੇ ਪੇਸ਼ੇਵਰ ਚਿੰਤਾ ‘ਚ ਡੁੱਬੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਲੀਆ ਫ਼ਰਮਾਨ ਅਨੁਸਾਰ ਹੁਣ ਨਵੇਂ ਐੱਚ.-1ਬੀ. ਵੀਜ਼ਾ ਲਈ ਬਿਨੈਕਾਰਾਂ ਨੂੰ ਇਕ ਲੱਖ ਡਾਲਰ (ਲੱਗਭਗ 88 ਲੱਖ ਰੁਪਏ) ਦੀ ਫੀਸ ਦੇਣੀ ਪਵੇਗੀ। ਇਸ ਦੇ ਉਲਟ ਚੀਨ ਨੇ ਦੁਨੀਆਂ ਭਰ ਦੇ ਪੇਸ਼ੇਵਰਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਦਰਅਸਲ ਅਮਰੀਕੀ ਫ਼ਰਮਾਨ ਤੋਂ ਬਾਅਦ ਚੀਨ ਨੇ ਇਕ ਅਧਿਕਾਰਤ ਬਿਆਨ ਜਾਰੀ ਕਰ ਕੇ ਇਕ ਨਵੀਂ ‘ਕੇ ਵੀਜ਼ਾ’ ਸ਼੍ਰੇਣੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਸ ਰਾਹੀਂ ਦੁਨੀਆਂ ਭਰ ਦੇ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਪੇਸ਼ੇਵਰਾਂ ਨੂੰ ਦੇਸ਼ ‘ਚ ਲਿਆਂਦਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਚੀਨ ਵਿਸ਼ੇਸ਼ ਤੌਰ ‘ਤੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸ.ਟੀ.ਈ.ਐੱਮ.) ਨਾਲ ਜੁੜੇ ਪੇਸ਼ੇਵਰਾਂ ਨੂੰ ਆਪਣੇ ਦੇਸ਼ ‘ਚ ਲਿਆਉਣਾ ਚਾਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵੀਜ਼ਾ ਅਮਰੀਕਾ ਦੇ ਐੱਚ.-1ਬੀ. ਨੂੰ ਟੱਕਰ ਦੇਵੇਗਾ।
ਇਕ ਰਿਪੋਰਟ ਅਨੁਸਾਰ ਚੀਨ ਦਾ ਨਵੀਂ ਵੀਜ਼ਾ ਸ਼੍ਰੇਣੀ ਬਾਰੇ ਫੈਸਲਾ ਅਗਸਤ ‘ਚ ਲਿਆ ਗਿਆ ਸੀ ਪਰ ਹੁਣ ਨਵੀਂ ਵੀਜ਼ਾ ਸ਼੍ਰੇਣੀ 1 ਅਕਤੂਬਰ 2025 ਤੋਂ ਲਾਗੂ ਕੀਤੀ ਜਾਵੇਗੀ। ਅਮਰੀਕਾ ਐੱਚ-1ਬੀ. ਵੀਜ਼ਾ ਰਾਹੀਂ ਐੱਸ.ਟੀ.ਈ.ਐੱਮ. ਕਰਮਚਾਰੀਆਂ ਨੂੰ ਦੇਸ਼ ਵਿਚ ਲਿਆਉਂਦਾ ਰਿਹਾ ਹੈ ਪਰ ਹੁਣ ਚੀਨ ਦਾ ‘ਕੇ. ਵੀਜ਼ਾ’ ਵੀ ਅਜਿਹਾ ਹੀ ਕੰਮ ਕਰਨ ਵਾਲਾ ਹੈ। ਬਹੁਤ ਸਾਰੇ ਦੇਸ਼ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਐਂਟਰੀ ਪਾਬੰਦੀਆਂ ਨੂੰ ਸਖ਼ਤ ਕਰ ਰਹੇ ਹਨ। ਅਜਿਹੇ ‘ਚ ਚੀਨ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਦੇਸ਼ ਵਿਚ ਲਿਆਉਣ ਲਈ ਇਕ ਨਵਾਂ ਵੀਜ਼ਾ ਸ਼ੁਰੂ ਕੀਤਾ ਹੈ।
ਚੀਨ ਦੇ ਨਿਆਂ ਮੰਤਰਾਲੇ ਦਾ ਕਹਿਣਾ ਹੈ ਕਿ ‘ਕੇ. ਵੀਜ਼ਾ’ ਨੌਜਵਾਨ ਵਿਦੇਸ਼ੀ ਵਿਗਿਆਨੀਆਂ ਅਤੇ ਤਕਨਾਲੋਜੀ ਨਾਲ ਜੁੜੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਚੀਨ ਜਾਂ ਵਿਦੇਸ਼ ਵਿਚ ਕਿਸੇ ਵੱਕਾਰੀ ਯੂਨੀਵਰਸਿਟੀ ਜਾਂ ਖੋਜ ਸੰਸਥਾ ਤੋਂ ਐੱਸ.ਟੀ.ਈ.ਐੱਮ. ‘ਚ ਡਿਗਰੀ ਹਾਸਲ ਕੀਤੀ ਹੈ। ਕੁੱਲ ਮਿਲਾ ਕੇ ਚੀਨ ਦਾ ਧਿਆਨ ਇੰਜੀਨੀਅਰਿੰਗ ਅਤੇ ਤਕਨਾਲੋਜੀ ਖੇਤਰਾਂ ਦੇ ਲੋਕਾਂ ਨੂੰ ਆਕਰਸ਼ਿਤ ਕਰਨ ‘ਤੇ ਕੇਂਦ੍ਰਿਤ ਹੈ। ਇੰਨਾ ਹੀ ਨਹੀਂ, ‘ਕੇ. ਵੀਜ਼ਾ’ ਚੀਨ ਜਾਂ ਵਿਦੇਸ਼ ਵਿਚ ਕਿਸੇ ਵੱਕਾਰੀ ਸੰਸਥਾ ‘ਚ ਪੜ੍ਹਾਉਣ ਜਾਂ ਖੋਜ ਕਰਨ ‘ਚ ਲੱਗੇ ਨੌਜਵਾਨ ਪੇਸ਼ੇਵਰਾਂ ਨੂੰ ਵੀ ਦਿੱਤਾ ਜਾਵੇਗਾ।
ਬਿਨੈਕਾਰਾਂ ਨੂੰ ‘ਕੇ. ਵੀਜ਼ਾ’ ਤਾਂ ਹੀ ਮਿਲੇਗਾ, ਜੇਕਰ ਉਹ ਚੀਨੀ ਅਧਿਕਾਰੀਆਂ ਦੁਆਰਾ ਨਿਰਧਾਰਤ ਵਿੱਦਿਅਕ ਯੋਗਤਾਵਾਂ ਅਤੇ ਸ਼ਰਤਾਂ ਨੂੰ ਪੂਰਾ ਕਰਨਗੇ। ਉਨ੍ਹਾਂ ਨੂੰ ਜ਼ਰੂਰੀ ਦਸਤਾਵੇਜ਼ ਵੀ ਦਿਖਾਉਣਗੇ ਪੈਣਗੇ। ਹਾਲਾਂਕਿ ਵੀਜ਼ਾ ਦੀਆਂ ਸ਼ਰਤਾਂ ਅਜੇ ਜਾਰੀ ਨਹੀਂ ਕੀਤੀਆਂ ਗਈਆਂ ਪਰ ਚੀਨੀ ਦੂਤਘਰ ਅਤੇ ਕੌਂਸਲੇਟ ਜਲਦੀ ਹੀ ਉਨ੍ਹਾਂ ਨੂੰ ਜਾਰੀ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਉਹ ਵੀਜ਼ਾ ਦੇਣ ਤੋਂ ਪਹਿਲਾਂ ਬਿਨੈਕਾਰ ਦੀ ਵਿੱਦਿਅਕ ਯੋਗਤਾ ਅਤੇ ਖੋਜ ਦਸਤਾਵੇਜ਼ਾਂ ਦੀ ਸਮੀਖਿਆ ਕਰਨਗੇ।
ਚੀਨ ‘ਚ 12 ਵੱਖ-ਵੱਖ ਵੀਜ਼ਾ ਸ਼੍ਰੇਣੀਆਂ ਹਨ ਅਤੇ ‘ਕੇ. ਵੀਜ਼ਾ’ ਸਭ ਤੋਂ ਵੱਧ ਲਾਭ ਪ੍ਰਦਾਨ ਕਰਦਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਵੀਜ਼ਾ ਹਾਸਲ ਕਰਨ ਵਾਲਿਆਂ ਨੂੰ ਦੇਸ਼ ‘ਚ ਮਲਟੀਪਲ ਐਂਟਰੀ ਪਹੁੰਚ ਦਿੱਤੀ ਜਾਵੇਗੀ, ਜਿਸ ਦੀ ਵੈਧਤਾ ਦੀ ਮਿਆਦ ਲੰਬੀ ਹੋਵੇਗੀ ਅਤੇ ਦੇਸ਼ ‘ਚ ਰਹਿਣ ਦੇ ਸਮੇਂ ਵਿਚ ਵੀ ਵਾਧਾ ਹੋਵੇਗਾ। ਜ਼ਿਆਦਾਤਰ ਵਰਕ ਵੀਜ਼ਿਆਂ ਲਈ ਸਪਾਂਸਰਸ਼ਿਪ ਦੀ ਲੋੜ ਹੁੰਦੀ ਹੈ। ਚੀਨ ਪਹੁੰਚਣ ‘ਤੇ ‘ਕੇ. ਵੀਜ਼ਾ’ ਧਾਰਕ ਸਿੱਖਿਆ, ਸੱਭਿਆਚਾਰ, ਵਿਗਿਆਨ ਅਤੇ ਤਕਨਾਲੋਜੀ ‘ਚ ਅਕਾਦਮਿਕ ਆਦਾਨ-ਪ੍ਰਦਾਨ ‘ਚ ਹਿੱਸਾ ਲੈਣ ਦੇ ਯੋਗ ਹੋਣਗੇ।