ਵਾਸ਼ਿੰਗਟਨ, 20 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਐੱਚ-1ਬੀ ਵੀਜ਼ਾ ਫ਼ੀਸ ਨੂੰ 1 ਲੱਖ ਡਾਲਰ (ਲਗਭਗ 88 ਲੱਖ ਰੁਪਏ) ਤੱਕ ਵਧਾ ਦਿੱਤਾ ਹੈ, ਜਿਸ ਨਾਲ ਅਮਰੀਕਾ ‘ਚ ਕੰਮ ਕਰਨ ਦੇ ਚਾਹਵਾਨਾਂ ਦੀਆਂ ਉਮੀਦਾਂ ਨੂੰ ਬੇਹੱਦ ਕਰਾਰਾ ਝਟਕਾ ਲੱਗਾ ਹੈ। ਟਰੰਪ ਦੇ ਇਸ ਫ਼ੈਸਲੇ ਦੀ ਜਿੱਥੇ ਦੁਨੀਆਂ ਭਰ ‘ਚ ਨਿੰਦਾ ਹੋ ਰਹੀ ਹੈ, ਉੱਥੇ ਹੀ ਅਮਰੀਕਾ ‘ਚ ਵੀ ਸਥਿਤੀ ਕੁਝ ਵੱਖ ਨਹੀਂ ਹੈ, ਉੱਥੇ ਵੀ ਲੋਕ ਟਰੰਪ ਦੇ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹਨ।
ਇਸੇ ਦੌਰਾਨ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਟਰੰਪ ਦੇ ਇਸ ਫ਼ੈਸਲੇ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਅਮਰੀਕਾ ‘ਚ ਕੰਮ ਕਰਨ ਦੇ ਚਾਹਵਾਨ ਕੁਸ਼ਲ ਕਾਰੀਗਰ ਅਮਰੀਕਾ ਤੋਂ ਬੇਹੱਦ ਦੂਰ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰੀਗਰਾਂ ਨੇ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ ਤੇ ਲੱਖਾਂ ਅਮਰੀਕੀਆਂ ਨੂੰ ਨੌਕਰੀਆਂ ਦੇਣ ਵਾਲੇ ਸੈਕਟਰਾਂ ਦੀ ਸਥਾਪਨਾ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਐੱਚ-1ਬੀ ਵੀਜ਼ਾ ਹੋਲਡਰ ਅਮਰੀਕਾ ਦੇ ਨਾਗਰਿਕ ਬਣ ਜਾਂਦੇ ਹਨ ਤੇ ਇੱਥੇ ਆ ਕੇ ਅਜਿਹਾ ਕਾਰੋਬਾਰ ਸ਼ੁਰੂ ਕਰਦੇ ਹਨ, ਜਿਸ ਨਾਲ ਲੱਖਾਂ ਅਮਰੀਕੀ ਨਾਗਰਿਕਾਂ ਨੂੰ ਵੀ ਨੌਕਰੀਆਂ ਮਿਲਦੀਆਂ ਹਨ। ਸਾਨੂੰ ਉਨ੍ਹਾਂ ਦਾ ਇਸ ਕੰਮ ‘ਚ ਸਾਥ ਦੇਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੇ ਰਸਤੇ ‘ਚ ਰੁਕਾਵਟਾਂ ਖੜ੍ਹੀਆਂ ਕਰਨੀਆਂ ਚਾਹੀਦੀਆਂ ਹਨ। ਅਜਿਹੇ ਕਦਮ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰਦੇ ਹਨ।
ਟਰੰਪ ਦੇ ਇਸ ਫ਼ੈਸਲੇ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੁਸ਼ਲ ਕਰਮਚਾਰੀ ਅਮਰੀਕਾ ਤੋਂ ਦੂਰ ਹੋ ਜਾਣਗੇ ਤੇ ਇਹ ਕਦਮ ਹੌਲੀ-ਹੌਲੀ ਅਮਰੀਕਾ ਲਈ ਫ਼ਾਇਦੇ ਦੀ ਜਗ੍ਹਾ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਇਨ੍ਹਾਂ ਨੀਤੀਆਂ ਕਾਰਨ ਉਹ ਕਰਮਚਾਰੀ ਅਮਰੀਕਾ ਦੀ ਜਗ੍ਹਾ ਕੈਨੇਡਾ, ਇੰਗਲੈਂਡ ਜਾਂ ਹੋਰ ਦੇਸ਼ਾਂ ਵੱਲ ਰੁਖ਼ ਕਰ ਲੈਣਗੇ ਤੇ ਇਸ ਕਾਰਨ ਅਮਰੀਕਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਐੱਚ-1ਬੀ ਵੀਜ਼ਾ ਫ਼ੀਸ ਨੂੰ ਲੈ ਕੇ ਚਿੰਤਾ ਪ੍ਰਗਟਾਉਣ ਲੱਗੇ ਅਮਰੀਕੀ
