-ਜਵਾਬੀ ਕਾਰਵਾਈ ‘ਚ ਹਮਲਾਵਰ ਵੀ ਢੇਰ
ਪੈਨਸਿਲਵੇਨੀਆ, 18 ਸਤੰਬਰ (ਪੰਜਾਬ ਮੇਲ)- ਅਮਰੀਕਾ ‘ਚ 3 ਪੁਲਿਸ ਅਧਿਕਾਰੀਆਂ ਦੇ ਮਾਰੇ ਜਾਣ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਅਮਰੀਕਾ ਦੇ ਦੱਖਣੀ ਪੈਨਸਿਲਵੇਨੀਆ ‘ਚ ਇਕ ਹਮਲਾਵਰ ਨੇ ਅਚਾਨਕ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਤਿੰਨ ਪੁਲਿਸ ਮਾਰੇ ਗਏ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਇਸ ਮਗਰੋਂ ਕਾਰਵਾਈ ਕਰਦਿਆਂ ਪੁਲਿਸ ਨੇ ਹਮਲਾਵਰ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਪੁਲਿਸ ਟੀਮ ਉੱਥੇ ਇਕ ਘਰੇਲੂ ਵਿਵਾਦ ਦੀ ਜਾਂਚ ਕਰਨ ਲਈ ਪਹੁੰਚੀ ਸੀ, ਪਰ ਉੱਥੇ ਪਹੁੰਚਦੇ ਹੀ ਇਕ ਵਿਅਕਤੀ ਨੇ ਪੁਲਿਸ ਟੀਮ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ 3 ਅਧਿਕਾਰੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਮੌਕੇ ‘ਤੇ ਹੀ ਢੇਰ ਕਰ ਦਿੱਤਾ।
ਇਸ ਮਗਰੋਂ ਪੁਲਿਸ ਟੀਮ ਮਾਮਲੇ ਦੀ ਜਾਂਚ ਲਈ ਮੌਕੇ ‘ਤੇ ਪਹੁੰਚ ਕੇ ਅਗਲੇਰੀ ਜਾਂਚ ਕਰ ਰਹੀ ਹੈ। ਇਸ ਘਟਨਾ ਬਾਰੇ ਗਵਰਨਰ ਜੋਸ਼ ਸ਼ਾਪੀਰੋ ਨੇ ਦੱਸਿਆ, ”ਅਸੀਂ ਇਸ ਕਾਉਂਟੀ ਅਤੇ ਸਾਡੇ ਦੇਸ਼ ਦੀ ਸੇਵਾ ਕਰਨ ਵਾਲੇ ਤਿੰਨ ਅਧਿਕਾਰੀਆਂ ਦੇ ਜਾਨੀ ਨੁਕਸਾਨ ‘ਤੇ ਸੋਗ ਮਨਾਉਂਦੇ ਹਾਂ। ਇਸ ਤਰ੍ਹਾਂ ਦੀ ਹਿੰਸਾ ਠੀਕ ਨਹੀਂ ਹੈ, ਸਾਨੂੰ ਇੱਕ ਸਮਾਜ ਦੇ ਤੌਰ ‘ਤੇ ਬਿਹਤਰ ਕਰਨ ਦੀ ਲੋੜ ਹੈ।”
ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ਮੈਰੀਲੈਂਡ ਸਰਹੱਦ ਦੇ ਨੇੜੇ ਫਿਲਾਡੇਲਫੀਆ ਤੋਂ ਲਗਭਗ 185 ਕਿਲੋਮੀਟਰ ਪੱਛਮ ਵਿਚ ਉੱਤਰੀ ਕੋਡੋਰਸ ਟਾਊਨਸ਼ਿਪ ਵਿਚ ਹੋਈ। ਹਮਲਾਵਰ ਅਤੇ ਮ੍ਰਿਤਕ ਪੁਲਿਸ ਅਧਿਕਾਰੀਆਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਦੱਖਣੀ ਪੈਨਸਿਲਵੇਨੀਆ ‘ਚ 3 ਪੁਲਿਸ ਅਧਿਕਾਰੀਆਂ ਦਾ ਗੋਲ਼ੀਆਂ ਮਾਰ ਕੇ ਕਤਲ!
