ਗੋਰਿਆਂ ਨੇ ਨਸਲੀ ਟਿੱਪਣੀਆਂ ਕਰਦਿਆਂ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ
ਬਰਮਿੰਘਮ, 13 ਸਤੰਬਰ (ਪੰਜਾਬ ਮੇਲ)- ਬ੍ਰਿਟੇਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਰੀਬ 25 ਸਾਲਾ ਸਿੱਖ ਕੁੜੀ ਨਾਲ ਦਿਨ-ਦਿਹਾੜੇ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ।
ਜਾਣਕਾਰੀ ਅਨੁਸਾਰ ਇਹ ਘਟਨਾ ਬਰਮਿੰਘਮ ਦੇ ਉਲਡਬਰੀ ਨੇੜੇ ਮੰਗਲਵਾਰ ਨੂੰ ਵਾਪਰੀ, ਜਿੱਥੇ 2 ਇੰਗਲਿਸ਼ ਮੂਲ ਦੇ 2 ਨੌਜਵਾਨਾਂ ਨੇ ਇਕ ਬ੍ਰਿਟਿਸ਼ ਸਿੱਖ ਕੁੜੀ ‘ਤੇ ਦਿਨ ਦਿਹਾੜੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ, ਉਸ ਨਾਲ ਕੁੱਟਮਾਰ ਕੀਤੀ ਗਈ ਤੇ ਜਬਰ-ਜਨਾਹ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਸਵੇਰੇ 8 ਵਜੇ ਤੋਂ 8.30 ਵਜੇ ਦੇ ਵਿਚਾਲੇ ਵਾਪਰੀ।
ਇਸ ਘਟਨਾ ਕਾਰਨ ਸਥਾਨਕ ਸਿੱਖ ਭਾਈਚਾਰੇ ਵਿਚ ਗੁੱਸਾ ਪੈਦਾ ਹੋ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵੱਲੋਂ ਸਮੈਦਵਿਕ ਦੇ ਗੁਰੂ ਨਾਨਕ ਗੁਰਦੁਆਰੇ ਵਿਚ ਮੀਟਿੰਗ ਕੀਤੀ ਗਈ।
ਸੈਂਡਵੈੱਲ ਪੁਲਿਸ ਦੇ ਚੀਫ਼ ਸੁਪਰਡੈਂਟ ਕਿਮ ਮੈਡਿਲ ਨੇ ਕਿਹਾ: ”ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਇਸ ਕਾਰਨ ਕਿੰਨਾ ਦੁੱਖ ਅਤੇ ਡਰ ਪੈਦਾ ਹੋਇਆ ਹੈ। ਅਸੀਂ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੰਮ ਕਰ ਰਹੇ ਹਾਂ। ਫੋਰੈਂਸਿਕ ਅਤੇ ਸੀ.ਸੀ.ਟੀ.ਵੀ. ਜਾਂਚਾਂ ਚੱਲ ਰਹੀਆਂ ਹਨ ਅਤੇ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਵਾਧੂ ਪੁਲਿਸ ਤਾਇਨਾਤ ਕੀਤੀ ਗਈ ਹੈ।”
ਉਸੇ ਦਿਨ ਬਾਅਦ ਵਿਚ ਨੇੜੇ ਦੇ ਵੈਸਟ ਬ੍ਰੋਮਵਿਚ ਦੇ ਕੇਨਰਿਕ ਪਾਰਕ ਵਿਚ ਦੁਪਹਿਰ 12:15 ਵਜੇ ਦੇ ਕਰੀਬ ਇੱਕ ਦੂਜੇ ਜਿਨਸੀ ਹਮਲੇ ਦੀ ਜਾਣਕਾਰੀ ਮਿਲੀ। ਉਸ ਘਟਨਾ ਦੀ ਵੀ ਜਾਂਚ ਚੱਲ ਰਹੀ ਹੈ, ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਦੋਵੇਂ ਹਮਲੇ ਆਪਸ ਵਿਚ ਜੁੜੇ ਹੋਏ ਹਨ।
ਪੱਛਮੀ ਮਿਡਲੈਂਡਜ਼ ਪੁਲਿਸ ਨੇ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।
ਯੂ.ਕੇ. ਵਿਚ ਭਾਰਤੀ ਲੜਕੀ ਨਾਲ ਜਬਰ-ਜਨਾਹ
