-ਵਿਦੇਸ਼ੀ ਤਾਕਤਾਂ ਨੂੰ ਪਾਈ ਜਾ ਸਕੇਗੀ ਨੱਥ
ਸੈਕਰਾਮੈਂਟੋ, 13 ਸਤੰਬਰ (ਪੰਜਾਬ ਮੇਲ)- ਕੈਲੀਫੋਰਨੀਆ ਅਸੈਂਬਲੀ ਨੇ ਐੱਸ.ਬੀ. 509 ਬਿੱਲ ਸਹਿਮਤੀ ਨਾਲ ਪਾਸ ਕਰ ਲਿਆ ਹੈ। ਇਹ ਬਿੱਲ ਸੂਬੇ ਦੀਆਂ ਏਜੰਸੀਆਂ ਅਤੇ ਪੁਲਿਸ ਨੂੰ ਵਿਦੇਸ਼ੀ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਡਰਾਉਣ-ਧਮਕਾਉਣ ਅਤੇ ਨਿਗਰਾਨੀ ਹਮਲਿਆਂ ਨੂੰ ਸਮਝਣ ਤੇ ਰੋਕਣ ਲਈ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰਦਾ ਹੈ। 1 ਜਨਵਰੀ 2027 ਤੱਕ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਜ਼ ਵੱਲੋਂ ਖ਼ਾਸ ਟ੍ਰੇਨਿੰਗ ਪ੍ਰੋਗ੍ਰਾਮ ਤਿਆਰ ਕੀਤਾ ਜਾਵੇਗਾ। ਹੁਣ ਇਹ ਬਿੱਲ ਗਵਰਨਰ ਗੈਵਿਨ ਨਿਊਸਮ ਦੇ ਦਸਤਖ਼ਤ ਲਈ ਭੇਜਿਆ ਗਿਆ ਹੈ।
ਕੈਲੀਫੋਰਨੀਆ ਅਸੈਂਬਲੀ ਵੱਲੋਂ ਪਾਸ ਕੀਤੇ ਐੱਸ.ਬੀ. 509 ਬਿੱਲ ਦਾ ਮਕਸਦ ਵਿਦੇਸ਼ੀ ਦਖ਼ਲਅੰਦਾਜ਼ੀ ਵਰਗੀ ਗੰਭੀਰ ਸਮੱਸਿਆ ਨਾਲ ਨਜਿੱਠਣਾ ਹੈ। ਇਹ ਬਿੱਲ ਸੂਬੇ ਦੀ ਸੈਨੇਟ ਵਿਚ ਪਹਿਲਾਂ ਹੀ ਪਾਸ ਹੋ ਚੁੱਕਾ ਸੀ ਅਤੇ ਹੁਣ ਅਸੈਂਬਲੀ ਤੋਂ ਵੀ ਇਸ ਨੂੰ ਹਰੀ ਝੰਡੀ ਮਿਲ ਗਈ ਹੈ।
ਇਹ ਬਿੱਲ ਸੂਬਾ ਸੈਨੇਟਰ ਐਨਾ ਕੈਬਾਯੇਰੋ ਵੱਲੋਂ ਤਿਆਰ ਕੀਤਾ ਗਿਆ ਸੀ। ਕੈਲੀਫੋਰਨੀਆ ਅਸੈਂਬਲੀ ਦੀ ਪਹਿਲੀ ਸਿੱਖ ਮੈਂਬਰ ਜਸਮੀਤ ਕੌਰ ਬੈਂਸ ਨੇ ਬਿੱਲ ਪਾਸ ਹੋਣ ਮਗਰੋਂ ਕਿਹਾ ਕਿ ਇਸ ਤਰ੍ਹਾਂ ਦਾ ਕਾਨੂੰਨ ਸਿਰਫ ਕੈਲੀਫੋਰਨੀਆ ਹੀ ਨਹੀਂ, ਸਗੋਂ ਅਮਰੀਕਾ ਦੀ ਕਾਂਗਰਸ ਵਿਚ ਵੀ ਪਾਸ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਦੀ ਬੋਲਣ ਦੀ ਆਜ਼ਾਦੀ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਦਬਾਉਣ ਦੀਆਂ ਕੋਸ਼ਿਸ਼ਾਂ ਰੋਕੀਆਂ ਜਾ ਸਕਦੀਆਂ ਹਨ।
ਸੈਨੇਟਰ ਕੈਬਾਯੇਰੋ ਨੇ ਇਸ ਮਾਮਲੇ ਵੱਲ ਕਈ ਵਾਰ ਧਿਆਨ ਦਿਵਾਇਆ ਕਿ ਜ਼ੁਲਮ ਤੋਂ ਬਚ ਕੇ ਅਮਰੀਕਾ ਆਏ ਪ੍ਰਵਾਸੀਆਂ ‘ਤੇ ਕੁਝ ਵਿਦੇਸ਼ੀ ਤਾਕਤਾਂ ਵੱਲੋਂ ਹਿੰਸਾ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਪ੍ਰਭਾਵਸ਼ਾਲੀ ਕਾਨੂੰਨ ਨਾ ਹੋਣ ਕਰਕੇ ਇਸ ਸਮੱਸਿਆ ਨਾਲ ਨਜਿੱਠਣ ਵਿਚ ਮੁਸ਼ਕਲਾਂ ਆ ਰਹੀਆਂ ਸਨ। ਉਨ੍ਹਾਂ ਮੁਤਾਬਕ, ਇਹ ਖਤਰੇ ਮਨੁੱਖੀ ਹੱਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ।
ਹੁਣ ਬਿੱਲ ਪਾਸ ਹੋਣ ਤੋਂ ਬਾਅਦ ਕੈਲੀਫੋਰਨੀਆ ਦੇ ਪੁਲਿਸ ਵਿਭਾਗ ਨੂੰ ਅਧਿਕਾਰ ਮਿਲ ਗਏ ਹਨ ਕਿ ਉਹ ਇਸ ਤਰ੍ਹਾਂ ਦੇ ਖਤਰਿਆਂ ਬਾਰੇ ਜਾਣਕਾਰੀ ਇਕੱਤਰ ਕਰਕੇ ਫੈਡਰਲ ਏਜੰਸੀਆਂ ਨਾਲ ਸਾਂਝੀ ਕਰ ਸਕਣ। ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਸਮੇਤ ਕਈ ਸੰਗਠਨਾਂ ਵੱਲੋਂ ਇਸ ਬਿੱਲ ਦੀ ਖੁੱਲ੍ਹ ਕੇ ਹਮਾਇਤ ਕੀਤੀ ਗਈ ਹੈ।
ਕੈਲੀਫੋਰਨੀਆ ਅਸੈਂਬਲੀ ‘ਚ ਐੱਸ.ਬੀ. 509 ਬਿੱਲ ਪਾਸ
