#PUNJAB

ਪੰਜਾਬ ‘ਚ ਹੜ੍ਹ ਦੇ ਪਾਣੀ ਦਾ ਪੱਧਰ ਘਟਣ ਲੱਗਾ

-ਕੁੱਝ ਥਾਵਾਂ ‘ਤੇ ਹਾਲੇ ਵੀ ਪਾਣੀ ਦਾ ਪੱਧਰ ਕਾਫੀ ਉੱਚਾ
ਚੰਡੀਗੜ੍ਹ, 10 ਸਤੰਬਰ (ਪੰਜਾਬ ਮੇਲ)- ਮੱਖੂ, ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ 8.00 ਵਜੇ ਹਰੀਕੇ ਹੈੱਡ ਵਰਕਸ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਘੱਟ ਕੇ 204109 ਕਿਊਸਿਕ ਹੋ ਗਿਆ। ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ 187138 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਸੁਲਤਾਨਪੁਰ ਲੋਧੀ ਦੇ ਬਾਊਪੁਰ ਮੰਡ ਇਲਾਕੇ ਵਿਚ ਹੜ੍ਹ ਦਾ ਪਾਣੀ ਘੱਟ ਗਿਆ ਹੈ। ਹਾਲਾਂਕਿ ਹੜ੍ਹਾਂ ਨਾਲ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਬਿਆਸ ਦਰਿਆ ਵਿਚ ਪਾਣੀ 70 ਹਜ਼ਾਰ ਕਿਊਸਿਕ ਦੇ ਕਰੀਬ ਹੀ ਰਹਿ ਗਿਆ ਹੈ। ਪਰ ਕੁੱਝ ਥਾਵਾਂ ‘ਤੇ ਹਾਲੇ ਵੀ ਪਾਣੀ ਦਾ ਪੱਧਰ ਕਾਫੀ ਉੱਚਾ ਹੈ।
ਪੰਜਾਬ ਦੇ ਕੁੱਝ ਹੋਰ ਇਲਾਕਿਆਂ ਵਿਚ ਹਾਲੇ ਵੀ ਹੜ੍ਹ ਦਾ ਪ੍ਰਕੋਪ ਬਣਿਆ ਹੋਇਆ ਹੈ, ਜਿੱਥੇ ਲੋਕ ਇਕ ਦੂਜੇ ਦੀ ਮਦਦ ਕਰ ਰਹੇ ਹਨ, ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਜਾਬ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ, ਜਿਸ ਦੇ ਲਈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਮੇਤ ਹੋਰਨਾਂ ਆਗੂਆਂ ਨੇ ਵੀ ਇਸ ਨੂੰ ਨਾਕਾਫੀ ਦੱਸਿਆ। ਇਸ ਦੌਰਾਨ ਜਿੱਥੇ ਪਾਣੀ ਦਾ ਪੱਧਰ ਘਟਿਆ ਹੈ, ਉਥੇ ਹੁਣ ਬਿਮਾਰੀਆਂ ਫੈਲਣ ਦਾ ਡਰ ਵੱਧ ਗਿਆ ਹੈ। ਲੋਕ ਹਾਲੇ ਵੀ ਖੁੱਲ੍ਹੇ ਮੈਦਾਨ ਹੇਠ ਰਹਿਣ ਲਈ ਮਜਬੂਰ ਹਨ। ਬਹੁਤ ਸਾਰੇ ਡੰਗਰ ਜਾਂ ਤਾਂ ਪਾਣੀ ਵਿਚ ਮਾਰੇ ਜਾ ਚੁੱਕੇ ਹਨ, ਜਾਂ ਰੁੜ ਕੇ ਪਾਕਿਸਤਾਨੀ ਹਦੂਦ ਅੰਦਰ ਚਲੇ ਗਏ ਹਨ। ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਕੁੱਝ ਪਸ਼ੂਆਂ ਨੂੰ ਕਿਸ਼ਤੀ ਰਾਹੀਂ ਵਾਪਸ ਪੰਜਾਬ ਭੇਜਿਆ ਗਿਆ ਹੈ, ਤਾਂ ਕਿ ਉਹ ਪਸ਼ੂ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚ ਸਕਣ। ਬਹੁਤ ਸਾਰੀਆਂ ਜਥੇਬੰਦੀਆਂ ਇਸ ਵੇਲੇ ਬਚਾਅ ਪੱਖ ਵਿਚ ਲੱਗੀਆਂ ਹੋਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹੜ੍ਹ ਪੀੜਤ ਇਲਾਕੇ ਵਿਚ ਮਦਦ ਪਹੁੰਚਾਈ ਗਈ ਹੈ।