ਸੈਕਰਾਮੈਂਟੋ, 10 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਜਾਰਜੀਆ ਵਿਚ ਇਕ ਹੁੰਡਾਈ-ਐਲ ਜੀ ਬੈਟਰੀ ਪਲਾਂਟ ‘ਤੇ ਮਾਰੇ ਛਾਪੇ ਦੌਰਾਨ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੁਆਰਾ ਗ੍ਰਿਫਤਾਰ 300 ਤੋਂ ਵਧ ਦੱਖਣੀ ਕੋਰੀਆਈ ਵਰਕਰਾਂ ਨੂੰ ਛੇਤੀ ਵਾਪਸ ਲਿਆਂਦਾ ਜਾ ਰਿਹਾ ਹੈ। ਇਹ ਜਾਣਕਾਰੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਊਂਗ ਦੇ ਦਫਤਰ ਦੇ ਅਧਿਕਾਰੀਆਂ ਨੇ ਦਿੱਤੀ ਹੈ। 4 ਸਤੰਬਰ ਨੂੰ ਸਾਵਾਨਾਹ ਦੇ ਉੱਤਰ ਪੱਛਮ ਵਿਚ 30 ਮੀਲ ਦੂਰ ਉਸਾਰੀ ਅਧੀਨ ਬੈਟਰੀ ਪ੍ਰਾਜੈਕਟ ਵਿਖੇ ਯੂ.ਐੱਸ. ਇਮੀਗ੍ਰੇਸ਼ਨ ਏਜੰਟਾਂ ਦੁਆਰਾ ਮਾਰੇ ਛਾਪੇ ਦੌਰਾਨ ਤਕਰੀਬਨ 475 ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੰਘੀ ਅਧਿਕਾਰੀਆਂ ਅਨੁਸਾਰ ਇਨ੍ਹਾਂ ਵਰਕਰਾਂ ਨੇ ਅਮਰੀਕਾ ਦੀ ਸਰਹੱਦ ਗੈਰ ਕਾਨੂੰਨੀ ਢੰਗ ਨਾਲ ਪਾਰ ਕਰਨ ਤੇ ਟੂਰਿਸਟ ਵੀਜ਼ੇ ਉਪਰ ਕੰਮ ਕਰਨ ਸਮੇਤ ਅਨੇਕਾਂ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੇ ਚੀਫ ਆਫ ਸਟਾਫ ਕਾਂਗ ਹੁਨ-ਸਿਕ ਨੇ ਇਕ ਟੈਲੀਵਿਜ਼ਨ ਗੱਲਬਾਤ ਦੌਰਾਨ ਕਿਹਾ ਹੈ ਕਿ ਅਮਰੀਕਾ ਨਾਲ ਗੱਲਬਾਤ ਮੁਕੰਮਲ ਹੋ ਗਈ ਹੈ ਤੇ ਵਰਕਰ ਕੁਝ ਪ੍ਰਸ਼ਾਸਨਿਕ ਪ੍ਰਕ੍ਰਿਆ ਮੁਕੰਮਲ ਕਰਨ ਉਪਰੰਤ ਦੇਸ਼ ਵਾਪਸ ਆ ਜਾਣਗੇ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਚਾਰਟਿਡ ਜਹਾਜ਼ ‘ਤੇ ਵਾਪਸ ਲਿਆਂਦਾ ਜਾਵੇਗਾ। ਗ੍ਰਿਫਤਾਰੀਆਂ ਉਪਰੰਤ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਊਂਗ ਨੇ ਤੁਰੰਤ ਦੱਖਲ ਦਿੰਦਿਆਂ ਚਿਤਾਵਨੀ ਦਿੱਤੀ ਸੀ ਕਿ ਉਸ ਦੇ ਸ਼ਹਿਰੀਆਂ ਦੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਨਾ ਕੀਤੀ ਜਾਵੇ ਤੇ ਉਹ ਸਨਮਾਨ ਸਹਿਤ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਕੇ ਆਉਣਗੇ। ਇਸ ਸਬੰਧੀ ਵਾਈਟ ਹਾਊਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਤੇ ਇਹ ਵੀ ਨਹੀਂ ਦੱਸਿਆ ਹੈ ਕਿ ਗ੍ਰਿਫਤਾਰ ਬਾਕੀ 200 ਦੇ ਕਰੀਬ ਪ੍ਰਵਾਸੀਆਂ ਵਿਚ ਕਿਹੜੇ-ਕਿਹੜੇ ਦੇਸ਼ ਦੇ ਨਾਗਰਿਕ ਸ਼ਾਮਲ ਹਨ।
ਅਮਰੀਕਾ ‘ਚ ਫੜੇ 300 ਤੋਂ ਵਧ ਦੱਖਣੀ ਕੋਰੀਆਈ ਵਰਕਰਾਂ ਨੂੰ ਛੇਤੀ ਵਾਪਸ ਲਿਆਂਦਾ ਜਾਵੇਗਾ : ਰਾਸ਼ਟਰਪਤੀ
