#PUNJAB

ਪੰਜਾਬ ‘ਚ ਕਿਸਾਨਾਂ ਨੂੰ 3000 ਕਰੋੜ ਦਾ ਨੁਕਸਾਨ

ਚੰਡੀਗੜ੍ਹ, 3 ਸਤੰਬਰ (ਪੰਜਾਬ ਮੇਲ)-ਪੰਜਾਬ ‘ਚ ਹੜ੍ਹਾਂ ਦੀ ਮਾਰ ਨੇ ਸਭ ਤੋਂ ਵੱਡਾ ਝਟਕਾ ਕਿਸਾਨੀ ਨੂੰ ਦਿੱਤਾ ਹੈ, ਜਿਨ੍ਹਾਂ ਦੀ ਹੁਣ ਤੱਕ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੀ ਫ਼ਸਲ ਨੁਕਸਾਨੀ ਜਾ ਚੁੱਕੀ ਹੈ। ਗੈਰ-ਸਰਕਾਰੀ ਤੌਰ ‘ਤੇ ਦੇਖੀਏ, ਤਾਂ ਇਹ ਵਿੱਤੀ ਸੱਟ ਹੋਰ ਵੀ ਕਿਤੇ ਵੱਡੀ ਹੈ। ਪੰਜਾਬ ਸਰਕਾਰ ਵੱਲੋਂ ਫ਼ਸਲੀ ਨੁਕਸਾਨ ਦਾ ਮੁੱਢਲਾ ਜਾਇਜ਼ਾ ਲਿਆ ਗਿਆ ਹੈ, ਜਿਸ ਮੁਤਾਬਕ ਹੁਣ ਤੱਕ ਹੜ੍ਹਾਂ ਨਾਲ 4.33 ਲੱਖ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਸਿਰਫ਼ ਚਾਰ ਜ਼ਿਲ੍ਹੇ ਮਾਲੇਰਕੋਟਲਾ, ਫ਼ਰੀਦਕੋਟ, ਨਵਾਂਸ਼ਹਿਰ ਅਤੇ ਫ਼ਤਿਹਗੜ੍ਹ ਸਾਹਿਬ ‘ਚ ਹਾਲੇ ਤੱਕ ਫ਼ਸਲੀ ਨੁਕਸਾਨ ਸਾਹਮਣੇ ਨਹੀਂ ਆਇਆ ਹੈ। ਵੇਰਵਿਆਂ ਅਨੁਸਾਰ ਹੜ੍ਹਾਂ ਕਾਰਨ ਸਭ ਤੋਂ ਵੱਧ ਜ਼ਿਲ੍ਹਾ ਗੁਰਦਾਸਪੁਰ ‘ਚ ਇੱਕ ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ।
ਜ਼ਿਲ੍ਹਾ ਅੰਮ੍ਰਿਤਸਰ ‘ਚ 70,537 ਏਕੜ, ਜ਼ਿਲ੍ਹਾ ਮਾਨਸਾ ‘ਚ 55,707 ਏਕੜ ਅਤੇ ਜ਼ਿਲ੍ਹਾ ਫ਼ਾਜ਼ਿਲਕਾ ‘ਚ 41,548 ਏਕੜ ਫ਼ਸਲ ਨੁਕਸਾਨੀ ਗਈ ਹੈ। ਕਿਸਾਨਾਂ ਮੁਤਾਬਕ ਪ੍ਰਭਾਵਿਤ ਰਕਬਾ ਕਿਤੇ ਜ਼ਿਆਦਾ ਹੈ। ਮੁੱਢਲੇ ਜਾਇਜ਼ੇ ਅਨੁਸਾਰ ਹੜ੍ਹਾਂ ਤੇ ਮੀਂਹ ਕਾਰਨ ਸਭ ਤੋਂ ਵੱਧ ਝੋਨੇ ਦੀ 3.31 ਲੱਖ ਏਕੜ ਫ਼ਸਲ ਦਾ ਨੁਕਸਾਨ ਹੋ ਚੁੱਕਿਆ ਹੈ। ਪਹਿਲੀ ਅਕਤੂਬਰ ਤੋਂ ਝੋਨੇ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਹੈ ਅਤੇ ਇਸ ਵੇਲੇ ਝੋਨੇ ਦੀ ਫ਼ਸਲ ਜੋਬਨ ‘ਤੇ ਸੀ। ਇਸੇ ਤਰ੍ਹਾਂ 21,545 ਏਕੜ ਗੰਨੇ ਦੀ ਫ਼ਸਲ ਮਾਰ ਹੇਠ ਆਈ ਹੈ, ਜਦੋਂ ਕਿ 49,496 ਏਕੜ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਨਰਮਾ ਪੱਟੀ ਲਈ ਇਹ ਬਾਰਸ਼ ਘਾਤਕ ਸਾਬਤ ਹੋਈ ਹੈ। ਮੱਕੀ ਦੀ 11,417 ਏਕੜ ਫ਼ਸਲ ਮਾਰ ਹੇਠ ਆਈ ਹੈ। ਬਾਕੀ ਫ਼ਸਲਾਂ ਹੇਠਲਾ 19,101 ਏਕੜ ਰਕਬਾ ਵੀ ਲਪੇਟ ਵਿਚ ਆਇਆ ਹੈ। ਪੰਜਾਬ ਸਰਕਾਰ ਨੇ ਫ਼ਸਲਾਂ ਦੇ ਸਰਕਾਰੀ ਭਾਅ ਦੇ ਹਿਸਾਬ ਨਾਲ ਨੁਕਸਾਨੇ ਗਏ ਰਕਬੇ ਦਾ ਹਿਸਾਬ-ਕਿਤਾਬ ਲਗਾਇਆ ਹੈ, ਜੋ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਬਣਿਆ ਹੈ। ਸਰਹੱਦੀ ਜ਼ਿਲ੍ਹਿਆਂ ਦੇ ਖੇਤਾਂ ‘ਚ ਕਾਫ਼ੀ ਰੇਤ ਵੀ ਇਕੱਠੀ ਹੋ ਗਈ ਹੈ, ਜਿੱਥੇ ਹੁਣ ਦੁਬਾਰਾ ਫ਼ਸਲ ਦੀ ਬਿਜਾਂਦ ਕਰਨੀ ਔਖੀ ਹੋ ਸਕਦੀ ਹੈ। ਨਿਯਮਾਂ ਅਨੁਸਾਰ ਕਿਸਾਨਾਂ ਨੂੰ ਸੌ ਫ਼ੀਸਦੀ ਫ਼ਸਲੀ ਖ਼ਰਾਬਾ ਹੋਣ ਦੀ ਸੂਰਤ ਵਿਚ 15 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮਿਲਣਾ ਹੈ। ਕਿਸਾਨ ਆਗੂ ਮੰਗ ਕਰ ਰਹੇ ਹਨ ਕਿ ਅਸਲ ਨੁਕਸਾਨ ਦੇ ਲਿਹਾਜ਼ ਨਾਲ ਹੀ ਮੁਆਵਜ਼ਾ ਦਿੱਤਾ ਜਾਵੇ। ਪ੍ਰਾਪਤ ਵੇਰਵਿਆਂ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਹੁਣ ਤੱਕ 365 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਅੰਮ੍ਰਿਤਸਰ ਜ਼ਿਲ੍ਹੇ ‘ਚ 57 ਹਜ਼ਾਰ ਪਸ਼ੂ ਪ੍ਰਭਾਵਿਤ ਹੋਏ ਹਨ। ਗੁਰਦਾਸਪੁਰ ਜ਼ਿਲ੍ਹੇ ‘ਚ 17,900 ਮੁਰਗੀਆਂ ਅਤੇ ਹੋਰਾਂ ਦੀ ਮੌਤ ਦਾ ਸਮਾਚਾਰ ਹੈ। ਜ਼ਿਲ੍ਹੇ ‘ਚ 254 ਪਸ਼ੂਆਂ ਦੀ ਮੌਤ ਹੋਈ ਹੈ, ਜਦੋਂ ਕਿ ਪਠਾਨਕੋਟ ਜ਼ਿਲ੍ਹੇ ‘ਚ 89 ਪਸ਼ੂ ਮਾਰੇ ਗਏ ਹਨ।