#AMERICA

ਵਿਪਸਾਅ ਵੱਲੋਂ ਪ੍ਰਸਿੱਧ ਲੇਖਕ ਚਰਨਜੀਤ ਸਿੰਘ ਪੰਨੂ ਦੇ ਕਹਾਣੀ ਸੰਗ੍ਰਿਹ ‘ਸਤਨਾਜਾ’ ‘ਤੇ ਉਸਾਰੂ ਵਿਚਾਰ ਚਰਚਾ ਹੋਈ ਅਤੇ ਕਿਤਾਬ ਲੋਕ ਅਰਪਣ

ਹੇਵਰਡ, 2 ਸਤੰਬਰ (ਪੰਜਾਬ ਮੇਲ)- ਬੀਤੇ ਦਿਨੀਂ ਵਿਪਸਾ ਵੱਲੋਂ ਪ੍ਰਸਿੱਧ ਲੇਖਕ ਚਰਨਜੀਤ ਸਿੰਘ ਪੰਨੂ ਦੇ ਨੌਵੇਂ ਕਹਾਣੀ ਸੰਗ੍ਰਹਿ ‘ਸਤਨਾਜਾ’ ‘ਤੇ ਵਿਚਾਰ-ਚਰਚਾ ਕਰਵਾਈ ਗਈ। ਇਸ ਮਿਲਣੀ ਦੇ ਸ਼ੁਰੂ ਵਿਚ ਪ੍ਰਧਾਨ ਕੁਲਵਿੰਦਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਮੰਚ ਦਾ ਕਾਜ-ਭਾਰ ਸੰਭਾਲਦੇ ਹੋਏ ਮਰਹੂਮ ਗ਼ਜ਼ਲਕਾਰ ਸ਼੍ਰੀ ਰਾਮ ਅਰਸ਼, ਪੰਜਾਬੀ ਫ਼ਿਲਮ ਇੰਡਸਟਰੀ ਦੇ ਕਾਮੇਡੀਅਨ ਜਸਵਿੰਦਰ ਭੱਲਾ, ਗੀਤਕਾਰ ਜੰਡੂ ਲਿੱਤਰਾਂ ਵਾਲਾ ਅਤੇ ਚੇਤਨਾ ਪ੍ਰਕਾਸ਼ਨ ਦੇ ਮਾਲਕ ਗ਼ਜ਼ਲਕਾਰ ਸਤੀਸ਼ ਗੁਲਾਟੀ ਜੀ ਦੇ ਜਵਾਈ ਅੰਮ੍ਰਿਤਪਾਲ ਸਿੰਘ ਖਹਿਰਾ ਦੀਆਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੋਨ ਧਾਰਨ ਕਰਵਾਇਆ। ਵਿਪਸਾ ਮੈਂਬਰਾਂ ਨੇ ਇਨ੍ਹਾਂ ਘਟਨਾਵਾਂ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਗਾਇਕ ਸੁਖਦੇਵ ਸਾਹਿਲ ਨੇ ਚਰਨਜੀਤ ਸਿੰਘ ਪੰਨੂ ਦੇ ਕਲਾਮ ‘ਤੈਨੂੰ ਨਾ ਕੋਈ ਪਚਦੀ ਗੱਲ, ਮੈਨੂੰ ਨਾ ਇਹ ਜਚਦੀ ਗੱਲ’ ਨਾਲ ਮਹਿਫ਼ਲ ਦਾ ਆਗ਼ਾਜ਼ ਕੀਤਾ। ਪ੍ਰਧਾਨਗੀ ਮੰਡਲ ਵਿਚ ਲੇਖਕ ਚਰਨਜੀਤ ਸਿੰਘ ਪੰਨੂ ਸਮੇਤ ਸੁਖਵਿੰਦਰ ਕੰਬੋਜ, ਸੁਰਜੀਤ ਸਖੀ, ਅਮਰਜੀਤ ਕੌਰ ਪੰਨੂੰ, ਬੀਬੀ ਸੁਰਜੀਤ ਕੌਰ ਅਤੇ ਜਗਤਾਰ ਗਿੱਲ ਸੁਸ਼ੋਭਿਤ ਹੋਏ। ਲੇਖਕ ਨੇ ਆਪਣੇ ਸਾਹਿਤਕ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿੱਸਾ ਕਾਵਿ ਹਾਸ਼ਮ ਦੀ ਸੱਸੀ, ਹੀਰ ਰਾਂਝਾ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਕਿਤਾਬਾਂ ਉਸ ਦੀ ਸਿਰਜਣ ਪ੍ਰਕਿਰਿਆ ਦੇ ਪ੍ਰੇਰਨਾ ਸਰੋਤ ਬਣੇ। ‘ਸਤਨਾਜਾ’ ਕਿਤਾਬ ਦੀਆਂ ਕਹਾਣੀਆਂ ਉਸ ਦੇ ਅਨੁਭਵ ਵਿਚੋਂ ਨਿਕਲੀਆਂ ਹਨ। ਉਸ ਨੇ ਪਹਿਲੀ ਕਹਾਣੀ ‘ਪ੍ਰਾਹੁਣਚਾਰੀ’ ਘਰ ਵਿਚ ਆਪਣੀ ਮਾਂ ਵੱਲੋਂ ਕੀਤੀ ਜਾਂਦੀ ਪ੍ਰਾਹੁਣਚਾਰੀ ਤੋਂ ਪ੍ਰਭਾਵਿਤ ਹੋ ਕੇ ਲਿਖੀ ਸੀ। ਇੰਡੀਆ ਸੇਵਾ-ਕਾਲ ਦੌਰਾਨ ਵੱਖ-ਵੱਖ ਤਜ਼ਰਬੇ ਉਸ ਕੋਲੋਂ ਬਹੁਤ ਕੁਝ ਲਿਖਵਾ ਗਏ। ਉਸ ਨੇ ਹੁਣ ਤੱਕ ਵੱਖ-ਵੱਖ ਵਿਧਾ ਵਿਚ ਚਾਲ਼ੀ ਦੇ ਕਰੀਬ ਕਿਤਾਬਾਂ ਲਿਖੀਆਂ। ਉਸ ਦਾ ਸਫ਼ਰਨਾਮਾ ‘ਮੇਰੀ ਵਾਈਟ ਹਾਊਸ ਫੇਰੀ’ ਕਾਫ਼ੀ ਚਰਚਿਤ ਹੈ ਅਤੇ ਜਿਸ ਦੇ ਤਿੰਨ-ਚਾਰ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ। ਉਸ ਦੀਆਂ ਕਈ ਹੋਰ ਕਿਤਾਬਾਂ ਤਿਆਰੀ ਅਧੀਨ ਹਨ। ਇਸ ਉਪਰੰਤ ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਆਪਣਾ ਲਿਖਿਆ ਪਰਚਾ ‘ਸਮਾਜਿਕ ਯਥਾਰਥ ਤੇ ਵਿਗਠਤ ਭਾਵਾਂ ਦੀ ਪੇਸ਼ਕਾਰੀ ਦਾ ਸੁਮੇਲ ਸਤਨਾਜਾ’ ਪੇਸ਼ ਕੀਤਾ। ਉਸ ਨੇ ਕਿਹਾ ਕਿ ਸੰਗ੍ਰਹਿ ਦੀਆਂ ਕਹਾਣੀਆਂ ਵਿਸ਼ੇ ਦੇ ਨਾਲ਼-ਨਾਲ਼ ਕਲਾ ਅਤੇ ਸੰਵੇਦਨਾ ਦਾ ਸਹਿਜ ਸੁਮੇਲ ਹਨ। ਇਹ ਅਮਰੀਕੀ ਪੰਜਾਬੀ ਸਹਿਤ ਵਿਚ ਇੱਕ ਵੱਖਰੀ ਦਿੱਖ ਨਾਲ਼ ਪਰਵੇਸ਼ ਹੁੰਦੀਆਂ ਹਨ। ਇਹ ਸਾਡੇ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਵੀ ਕਰਦੀਆਂ ਹਨ ਅਤੇ ਅਜਿਹੇ ਵਿਗਠਤ ਭਾਵਾਂ ਦਾ ਚਿਤਰਨ ਵੀ ਕਰ ਜਾਂਦੀਆਂ ਹਨ, ਜੋ ਸਮਾਜਿਕ ਜੀਵਨ ਵਿਚ ਖੁੱਲ੍ਹੇ ਤੌਰ ‘ਤੇ ਪ੍ਰਵਾਨ ਨਹੀਂ…। ਡਾ. ਬਲਬੀਰ ਕੌਰ ਰੀਹਲ ਦਾ ਪਰਚਾ ਸੁਰਜੀਤ ਸਖੀ ਵੱਲੋਂ ਪੇਸ਼ ਕੀਤਾ ਗਿਆ। ਇਸ ਪਰਚੇ ਅਨੁਸਾਰ ਲੇਖਕ ਇੱਕ ਸਫ਼ਲ ਸਫ਼ਰਨਾਮਾ ਲੇਖਕ ਹੈ। ਇਸ ਸੰਗ੍ਰਿਹ ਵਿਚ ਕੁਝ ਵਿਸ਼ੇ ਬਿਲਕੁਲ ਵੱਖਰੇ ਅਤੇ ਸੱਜਰੇ ਹਨ। ਇਹ ਹੀ ਇਸ ਸੰਗ੍ਰਹਿ ਦੀ ਪ੍ਰਾਪਤੀ ਹੈ। ਡਾ. ਸੁਖਵਿੰਦਰ ਕੰਬੋਜ ਨੇ ਇਨ੍ਹਾਂ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਕਹਾਣੀ ਦੇ ਮਹੱਤਵ ਬਾਰੇ ਉਸਾਰੂ ਨੁਕਤੇ ਪੇਸ਼ ਕੀਤੇ ਅਤੇ ਲੇਖਕ ਨੂੰ ਇਸ ਕਿਤਾਬ ਲਈ ਵਧਾਈ ਦਿੱਤੀ। ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਕਿਹਾ ਕਿ ਚਰਨਜੀਤ ਸਿੰਘ ਪੰਨੂ ਇੱਕ ਪ੍ਰੋੜ੍ਹ ਗਲਪਕਾਰ ਹੈ। ਇਸ ਸੰਗ੍ਰਹਿ ਦੀ ਕਹਾਣੀ ਵਧੀਆ ਤਕਨੀਕ ਨਾਲ਼ ਨਿਭੀ ਹੈ। ਪ੍ਰੋ. ਸੀਰਤ ਨੇ ਕਹਾਣੀ ਦੀ ਤਕਨੀਕ ਬਾਰੇ ਜਾਣਕਾਰੀ ਦਿੰਦੇ ਹੋਏ ਵਿਚਾਰ ਚਰਚਾ ਨੂੰ ਹੋਰ ਰੌਚਿਕ ਬਣਾ ਦਿੱਤਾ। ਲਾਜ ਨੀਲਮ ਸੈਣੀ ਨੇ ਕਿਹਾ ਕਿ ਪੰਨੂ ਨੇ ਸੱਤ ਵਿਸ਼ਿਆਂ ਦਾ ਸਾਹਿਤਕ ‘ਸਤਨਾਜਾ’ ਬਣਾ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਇਆ ਹੈ। ‘ਵਸੀਅਤ’ ਕਹਾਣੀ ਵਿਚ ਬਾਬੇ ਨਾਨਕ ਦੇ ਫ਼ਲਸਫ਼ੇ ‘ਤੇ ਅਮਲ ਕਰਨ ਦਾ ਸੰਦੇਸ਼ ਹੋਣ ਕਰਕੇ ਇਹ ਹੱਟਵੀਂ ਵੀ ਹੈ ਅਤੇ ਜੀਵਨ ਮੁੱਲਾਂ ਨੂੰ ਨਿਰਧਾਰਤ ਕਰਨ ਵਿਚ ਕਾਮਯਾਬ ਵੀ ਹੋਈ ਹੈ। ਅਮਰਜੀਤ ਪੰਨੂੰ ਨੇ ‘ਆਖ਼ਰੀ ਚੀਕ’ ਬਾਰੇ ਕੁਝ ਸੁਆਲ ਪੁੱਛੇ ਅਤੇ ‘ਕੈਂਸਰ ਦੇ ਛਿੱਟੇ’ ਕਹਾਣੀ ਦੀ ਸਲਾਹੁਤਾ ਕੀਤੀ। ਦਲਵੀਰ ਦਿਲ ਨਿੱਜਰ ਨੇ ਕਿਹਾ ਕਿ ਉਹ ਸਾਰੀਆਂ ਕਹਾਣੀਆਂ ਪੜ੍ਹ ਕੇ ਆਇਆ ਹੈ। ਸੰਗ੍ਰਿਹ ਦੇ ਵਿਸ਼ੇ ਸੱਭਿਆਚਾਰ ਨਾਲ ਜੁੜੇ ਹੋਣ ਕਰਕੇ ਪਾਠਕ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਲੇਖਕ ਵਧਾਈ ਦਾ ਪਾਤਰ ਹੈ। ਜਗਤਾਰ ਗਿੱਲ ਅਤੇ ਬੀਬੀ ਸੁਰਜੀਤ ਕੌਰ ਨੇ ਵੀ ਲੇਖਕ ਨੂੰ ਵਧਾਈ ਦਿੱਤੀ। ਕੁਲਵਿੰਦਰ ਨੇ ਪੰਨੂ ਨੂੰ ਇਸ ਵਿਲੱਖਣ ਕਿਤਾਬ ਲਈ ਦਿਲੀ ਮੁਬਾਰਕ ਦਿੰਦੇ ਹੋਏ ਕਿਹਾ ਕਿ ਹਰ ਲੇਖਕ ਨੂੰ ‘ਬੁੱਢਾ ਅਤੇ ਸਮੁੰਦਰ’ ਕਿਤਾਬ ਪੜ੍ਹਨੀ ਚਾਹੀਦੀ ਹੈ। ਦਿਲ ਦੇ ਲਹੂ ਨਾਲ਼ ਲਿਖਿਆ ਸਾਹਿਤ ਹੀ ਪਾਠਕ ਦੀ ਰੂਹ ਨੂੰ ਟੁੰਬਦਾ ਜਾਂ ਹਲੂਣਦਾ ਹੈ।
ਇਸ ਕਿਤਾਬ ਵਿਚ ਭਾਰੀ ਮਾਤਰਾ ਵਿਚ ਵਰਤੇ ਗਏ ਮੁਹਾਵਰੇ ਅਤੇ ਸ਼ੈਲੀ ਬਾਰੇ ਵੀ ਗੰਭੀਰ ਅਤੇ ਸਾਰਥਕ ਚਰਚਾ ਹੋਈ। ਹਾਜ਼ਰ ਸਰੋਤੇ ਇਸ ਤੋਂ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕੇ। ਕਵੀ ਦਰਬਾਰ ਵਿਚ ਹਰਜੀਤ ਸਿੰਘ ਹਮਸਫ਼ਰ, ਦਿਲ ਨਿੱਜਰ, ਦਲਜੀਤ ਸਿੰਘ ਭੰਗੂ, ਪ੍ਰਿੰਸੀਪਲ ਹਜ਼ੂਰਾ ਸਿੰਘ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਅਤੇ ਸੁਰਜੀਤ ਸਖੀ ਨੇ ਹਿੱਸਾ ਲਿਆ। ਸੁਖਦੇਵ ਸਾਹਿਲ ਨੇ ਇੱਕ ਵਾਰੀ ਫਿਰ ਸੰਗੀਤ ਨਾਲ਼ ਸਰੋਤਿਆਂ ਨੂੰ ਕੀਲਿਆ ਅਤੇ ਸੂਫ਼ੀ ਅਤੇ ਲੋਕ ਸਾਹਿਤ ‘ਚੋਂ ਕੁਝ ਵੰਨਗੀਆਂ ਸੁਣਾਈਆਂ। ਕਿਤਾਬ ‘ਸਤਨਾਜਾ’ ਲੋਕ ਅਰਪਣ ਕੀਤੀ ਗਈ। ਚਰਨਜੀਤ ਸਿੰਘ ਪੰਨੂ ਦਾ ਵਿਪਸਾ ‘ਸ਼ਾਲ’ ਨਾਲ਼ ਸਨਮਾਨ ਕੀਤਾ ਗਿਆ। ਲੇਖਕ ਵੱਲੋਂ ਆਪਣੀਆਂ ਅਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਦੀ ਲਗਾਈ ਗਈ ਸੇਲ ਖਿੱਚ ਦਾ ਕੇਂਦਰ ਬਣੀ ਰਹੀ। ਇਸ ਦੀ ਆਮਦਨ ਵਿਪਸਾਅ ਦੇ ਖ਼ਾਤੇ ਵਿਚ ਪਾਈ ਗਈ। ਹੋਰਾਂ ਤੋਂ ਇਲਾਵਾ ਵਿਜੇ ਸਿੰਘ, ਸੋਨੂੰ, ਕਿਹਰ ਸਿੰਘ, ਜੋਤੀ, ਗੁਰਜੰਟ ਸੇਖੋਂ, ਪ੍ਰੋ. ਸੁਖਦੇਵ ਸਿੰਘ ਅਤੇ ਜਸਵੰਤ ਸਿੰਘ ਸਰਾਂ ਆਦਿ ਨੇ ਹਿੱਸਾ ਲਿਆ।