-ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ‘ਚ ਨੱਚਣ ਗਾਉਣ ਦਾ ਮਾਮਲਾ
ਅੰਮ੍ਰਿਤਸਰ, 1 ਸਤੰਬਰ (ਪੰਜਾਬ ਮੇਲ)- ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਅਕਾਲ ਤਖ਼ਤ ਵਿਖੇ ਪੁੱਜ ਕੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਆਪਣਾ ਪੱਖ ਰੱਖਿਆ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਸ੍ਰੀਨਗਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵਿਚ ਨਾਚ ਗਾਣ ਆਦਿ ਦਿਖਾਇਆ ਗਿਆ ਸੀ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਵੱਜੀ ਸੀ।
ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਸ਼ਿਕਾਇਤਾਂ ਉਪਰੰਤ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਅਕਾਲ ਤਖ਼ਤ ‘ਤੇ ਸੱਦਿਆ ਗਿਆ ਸੀ। ਇਸੇ ਤਹਿਤ ਜਸਵੰਤ ਸਿੰਘ ਪੇਸ਼ ਹੋਏ ਅਤੇ ਜਥੇਦਾਰ ਦੇ ਸਨਮੁਖ ਆਪਣਾ ਪੱਖ ਰੱਖਿਆ। ਜਸਵੰਤ ਸਿੰਘ ਨੇ ਪੇਸ਼ ਹੋਣ ਮੌਕੇ ਆਪਣਾ ਦਾਹੜ੍ਹਾ ਬੰਨ੍ਹਿਆ ਹੋਇਆ ਸੀ। ਜਥੇਦਾਰ ਗੜਗੱਜ ਦੇ ਆਦੇਸ਼ ਅਨੁਸਾਰ ਮਗਰੋਂ ਉਹ ਦਾਹੜ੍ਹਾ ਖੋਲ੍ਹ ਕੇ ਪੇਸ਼ ਹੋਏ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਆਪਣੀ ਗਲਤੀ ਮੰਨੀ ਸੀ ਅਤੇ ਖਿਮਾ ਯਾਚਨਾ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤਨਖਾਹ ਲਾਈ ਗਈ ਸੀ। ਉਹ ਆਪਣੀ ਤਨਖਾਹ ਪੂਰੀ ਕਰਨ ਮਗਰੋਂ ਖਿਮਾ ਯਾਚਨਾ ਦੀ ਅਰਦਾਸ ਕਰਵਾ ਚੁੱਕੇ ਹਨ। ਇਸੇ ਮਾਮਲੇ ਵਿਚ ਪੰਜਾਬੀ ਗਾਇਕ ਬੀਰ ਸਿੰਘ ਵੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲ ਕੇ ਖਿਮਾ ਯਾਚਨਾ ਦੀ ਅਪੀਲ ਕਰ ਚੁੱਕੇ ਹਨ।
ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਕਾਲ ਤਖ਼ਤ ਵਿਖੇ ਹੋਏ ਪੇਸ਼
