#CANADA

ਭਾਰਤ-ਕੈਨੇਡਾ ਰਿਸ਼ਤਿਆਂ ‘ਚ ਨਵੀਂ ਸ਼ੁਰੂਆਤ: ਦੋਵਾਂ ਦੇਸ਼ਾਂ ਵੱਲੋਂ ਆਪੋ-ਆਪਣੇ ਹਾਈ ਕਮਿਸ਼ਨਰ ਨਿਯੁਕਤ

ਓਟਾਵਾ, 29 ਅਗਸਤ (ਪੰਜਾਬ ਮੇਲ)- ਕੈਨੇਡਾ ਨੇ ਭਾਰਤ ਨਾਲ ਤਣਾਅ ਭਰੇ ਰਿਸ਼ਤਿਆਂ ਨੂੰ ਸੁਧਾਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਕ੍ਰਿਸਟੋਫ਼ਰ ਕੁਟਰ ਨੂੰ ਭਾਰਤ ਵਿਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਇਸ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਵੀ ਐਲਾਨ ਕੀਤਾ ਕਿ ਸੀਨੀਅਰ ਡਿਪਲੋਮੈਟ ਦਿਨੇਸ਼ ਕੇ. ਪਟਨਾਇਕ ਕੈਨੇਡਾ ਵਿਚ ਭਾਰਤ ਦੇ ਅਗਲੇ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾਉਣਗੇ। ਇਹ ਕਦਮ ਦੋਵਾਂ ਦੇਸ਼ਾਂ ਵੱਲੋਂ ਆਪਣੇ-ਆਪਣੇ ਚੋਟੀ ਦੇ ਡਿਪਲੋਮੈਟਾਂ ਨੂੰ ਬਾਹਰ ਕੱਢਣ ਤੋਂ 10 ਮਹੀਨੇ ਬਾਅਦ ਚੁੱਕਿਆ ਗਿਆ ਹੈ।
ਕੁਟਰ 1990 ਤੋਂ ਕੈਨੇਡਾ ਦੇ ਵਿਦੇਸ਼ ਮੰਤਰਾਲਾ ਨਾਲ ਜੁੜੇ ਹੋਏ ਹਨ ਅਤੇ ਉਹ ਕਈ ਮਹੱਤਵਪੂਰਨ ਦੇਸ਼ਾਂ ਵਿਚ ਰਾਜਨਾਇਕ ਰਹਿ ਚੁੱਕੇ ਹਨ, ਜਿਸ ਵਿਚ ਨਾਈਜੀਰੀਆ, ਦੱਖਣੀ ਅਫ਼ਰੀਕਾ, ਤੁਰਕੀ, ਜਾਰਜੀਆ ਅਤੇ ਮੈਡਾਗਾਸਕਰ ਸ਼ਾਮਲ ਹਨ। ਇਸੇ ਦੌਰਾਨ, ਦਿਨੇਸ਼ ਪਟਨਾਇਕ, ਜੋ ਇਸ ਸਮੇਂ ਸਪੇਨ ਵਿਚ ਭਾਰਤ ਦੇ ਰਾਜਦੂਤ ਹਨ, ਨੂੰ ਕੈਨੇਡਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਭਾਰਤ-ਕੈਨੇਡਾ ਸੰਬੰਧ ਪਿਛਲੇ ਸਾਲ ਅਕਤੂਬਰ ਵਿਚ ਉਸ ਵੇਲੇ ਖਰਾਬ ਹੋਏ ਸਨ, ਜਦੋਂ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਉੱਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿਜ਼ਰ ਦੇ ਕਤਲ ਵਿੱਚ ਹੱਥ ਹੋਣ ਦੇ ”ਭਰੋਸੇਯੋਗ ਦੋਸ਼” ਲਗਾਏ ਸਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ”ਬੇਬੁਨਿਆਦ ਅਤੇ ਪ੍ਰੇਰਿਤ” ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਅਤੇ ਕੈਨੇਡਾ ‘ਤੇ ਅੱਤਵਾਦੀ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਪਨਾਹ ਦੇਣ ਦੇ ਦੋਸ਼ ਲਗਾਏ ਸਨ।
ਪਰ ਮਾਰਕ ਕਾਰਨੀ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਾਲਾਤਾਂ ਵਿਚ ਸੁਧਾਰ ਆਇਆ ਹੈ। ਜੂਨ ਵਿਚ ਜੀ7 ਆਊਟਰੀਚ ਸਮਿਟ ਦੌਰਾਨ ਪੀ.ਐੱਮ. ਮੋਦੀ ਅਤੇ ਕਾਰਨੀ ਵਿਚਕਾਰ ਹੋਈ ਮੁਲਾਕਾਤ ਨੂੰ ”ਸਕਾਰਾਤਮਕ ਅਤੇ ਰਚਨਾਤਮਕ” ਕਰਾਰ ਦਿੱਤਾ ਗਿਆ। ਦੋਵੇਂ ਦੇਸ਼ਾਂ ਨੇ ਉਸ ਵੇਲੇ ਹੀ ਤੈਅ ਕਰ ਲਿਆ ਸੀ ਕਿ ਜਲਦੀ ਤੋਂ ਜਲਦੀ ਇੱਕ-ਦੂਜੇ ਦੇ ਰਾਜਦੂਤ ਮੁੜ ਤਾਇਨਾਤ ਕੀਤੇ ਜਾਣਗੇ, ਜਿਸ ਨਾਲ ਹੁਣ ਦੋਵੇਂ ਪੱਖਾਂ ਵੱਲੋਂ ਹਾਈ ਕਮਿਸ਼ਨਰ ਨਿਯੁਕਤ ਕਰਨ ਦਾ ਰਾਹ ਖੁੱਲਿਆ ਹੈ।